''ਪਲਾਸਟਿਕ ਦੀਆਂ 20 ਖਾਲੀ ਬੋਤਲਾਂ ਲਿਆਓ ਅਤੇ ਦਾਲ-ਰੋਟੀ ਖਾਓ''

10/14/2019 6:00:08 PM

ਹਿਸਾਰ— ਜੇਕਰ ਭੁੱਖ ਲੱਗੀ ਹੈ ਅਤੇ ਦਾਲ-ਰੋਟੀ ਖਾਣ ਦਾ ਮਨ ਹੈ ਤਾਂ ਪਲਾਸਟਿਕ ਦੀਆਂ ਪਾਣੀ ਜਾਂ ਕੋਲਡ ਡਰਿੰਕ ਦੀਆਂ 20 ਖਾਲੀ ਬੋਤਲਾਂ ਦਾ ਜੁਗਾੜ ਕਰੋ ਅਤੇ ਇਨ੍ਹਾਂ ਨੂੰ ਇੱਥੇ ਸ਼ਹਿਰ ਦੇ 2 ਨਾਮੀ ਰੈਸਟੋਰੈਂਟ ਨੂੰ ਦਿਓ ਅਤੇ ਦਾਲ-ਰੋਟੀ ਦਾ ਮਜ਼ਾ ਲਵੋ। ਇਹ ਅਨੋਖਾ ਆਫਰ 2 ਨਾਮੀ ਰੈਸਟੋਰੈਂਟ ਮਾਡਲ ਟਾਊਨ ਸਥਿਤ ਹੌਂਦਾਰਾਮ ਅਤੇ ਫਵਾਰਾ ਚੌਕ ਸਥਿਤ ਜਨਤਾ ਰੈਸਟੋਰੈਂਟ ਨੇ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਨੂੰ ਲੈ ਕੇ ਦਿੱਤਾ ਹੈ। ਨਗਰ ਨਿਗਮ ਦੇ 10 ਪਲਾਸਟਿਕ ਦੀਆਂ ਬੋਤਲਾਂ ਲਿਆਓ ਅਤੇ ਥੈਲਾ ਲੈ ਜਾਓ ਦੀ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਇਨ੍ਹਾਂ ਦੋਵੇਂ ਰੈਸਟੋਰੈਂਟਾਂ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

ਦੋਹਾਂ ਰੈਸਟੋਰੈਂਟਾਂ 'ਤੇ ਜਿੱਥੇ 20 ਬੋਤਲਾਂ ਦੇ ਬਦਲੇ ਦਾਲ-ਰੋਟੀ ਖਾਣ ਨੂੰ ਮਿਲੇਗੀ, ਉੱਥੇ ਹੀ ਪਲਾਸਟਿਕ ਦੀਆਂ 10 ਬੋਤਲਾਂ ਦੇਣ 'ਤੇ ਕੱਪੜੇ ਦਾ ਇਕ ਥੈਲਾ ਵੀ ਮਿਲੇਗਾ। ਦੋਵੇਂ ਸਹੂਲਤਾਂ ਇਕ ਛੱਤ ਦੇ ਹੇਠਾਂ ਹੀ ਸ਼ਹਿਰ ਵਾਸੀਆਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਰੈਸਟੋਰੈਂਟਾਂ 'ਤੇ ਕੱਪੜੇ ਦੇ ਥੈਲੇ ਨਗਰ ਨਿਗਮ ਪ੍ਰਸ਼ਾਸਨ ਵਲੋਂ ਮੁਹੱਈਆ ਕਰਵਾਏ ਜਾਣਗੇ। ਮੁਹਿੰਮ ਸ਼ੁਰੂ ਕਰਨ ਵਾਲੇ ਦੋਹਾਂ ਰੈਸਟੋਰੈਂਟਾਂ ਦੇ ਮਾਲਕਾਂ ਨੇ ਨਗਰ ਨਿਗਮ ਦੇ ਸੁਪਰਡੈਂਟ ਇੰਜੀਨੀਅਰ ਰਾਮਜੀਲਾਲ ਨਾਲ ਮੁਲਾਕਾਤ ਕੀਤੀ ਅਤੇ ਮੁਹਿੰਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਇਸ ਦੌਰਾਨ ਮੁੱਖ ਮੰਤਰੀ ਦੀ ਸੁਸ਼ਾਸਨ ਸਹਿਯੋਗੀ ਏਲਿਨਾ ਮਸੂਦੀ ਵੀ ਮੌਜੂਦ ਸੀ। ਉੱਥੇ ਹੀ ਮਿਸ਼ਨ ਗਰੀਨ ਫਾਊਂਡੇਸ਼ਨ ਵਲੋਂ ਸਵਾਮੀ ਸਹਿਜਾਨੰਦ ਨੇ ਰਾਮਜੀਲਾਲ ਅਤੇ ਇਨਫੋਰਸਮੈਂਟ ਅਧਿਕਾਰੀ ਹਰਦੀਪ ਸਿੰਘ ਨੂੰ ਕੱਪੜੇ ਦੇ 200 ਥੈਲੇ ਸੌਂਪੇ, ਜੋ ਨਗਰ ਨਿਗਮ ਪ੍ਰਸ਼ਾਸਨ ਆਪਣੇ ਪੱਧਰ 'ਤੇ ਵੰਡੇਗਾ। ਹਿਸਾਰ ਦੇ ਮਾਡਲ ਟਾਊਨ ਸਥਿਤ ਹੌਂਦਾਰਾਮ ਰੈਸਟੋਰੈਂਟ ਦੇ ਮਾਲਕ ਰਾਧਏਸ਼ਾਮ ਨੇ ਕਿਹਾ ਕਿ ਸ਼ਹਿਰ ਨੂੰ ਸਵੱਛ ਅਤੇ ਸੁੰਦਰ ਬਣਾਉਣਾ ਸਾਡਾ ਫਰਜ਼ ਹੈ। ਪਲਾਸਟਿਕ ਦੀਆਂ ਪਾਣੀ ਅਤੇ ਕੋਲਡ ਡਰਿੰਕ ਦੀਆਂ 20 ਖਾਲੀ ਬੋਤਲਾਂ ਦੇ ਬਦਲੇ ਦਾਲ ਰੋਟੀ ਖੁਆਉਣ ਦੀ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ। ਭੋਜਨ ਖੁਆਉਣਾ ਪੁੰਨ ਦਾ ਕੰਮ ਹੈ। ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਵੀ ਸਾਡਾ ਫਰਜ਼ ਹੈ, ਜਿਸ ਨਾਲ ਅਸੀਂ ਆਪਣੇ ਬੱਚਿਆਂ ਨੂੰ ਬਿਹਤਰ ਜੀਵਨ ਦੇ ਸਕਾਂਗੇ।''

ਉੱਥੇ ਹੀ ਹਿਸਾਰ ਦੇ ਫਵਾਰਾ ਚੌਕ ਸਥਿਤ ਜਨਤਾ ਰੈਸਟਰੈਂਟ ਦੇ ਸਵਾਮੀ ਵਿਨੋਦ ਕੁਮਾਰ ਨੇ ਕਿਹਾ,''ਭੁੱਖਿਆਂ ਨੂੰ ਖਾਣਾ ਖੁਆਉਣਾ ਪੁੰਨ ਦਾ ਕੰਮ ਹੈ। ਇਸ ਦੇ ਨਾਲ ਜੇਕਰ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਾਂਗੇ ਤਾਂ ਇਹ ਸਾਡੀ ਖੁਸ਼ਨਸੀਬੀ ਹੋਵੇਗੀ। ਇਸ ਲਈ ਅਸੀਂ ਪਲਾਸਟਿਕ ਦੀਆਂ ਪਾਣੀ ਅਤੇ ਕੋਲਡ ਡਰਿੰਕ ਦੀਆਂ ਖਾਲੀ 20 ਬੋਤਲਾਂ ਦੇ ਬਦਲੇ ਦਾਲ ਰੋਟੀ ਖੁਆਉਣ ਦਾ ਫੈਸਲਾ ਲਿਆ ਹੈ। ਸਾਡਾ ਮਕਸਦ ਹੈ ਕਿ ਸੜਕਾਂ 'ਤੇ ਪਲਾਸਟਿਕ ਦੀਆਂ ਖਾਲੀ ਬੋਤਲਾਂ ਨਾਲ ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚੇ। ਪਲਾਸਟਿਕ ਦੀਆਂ ਖਾਲੀ ਬੋਤਲਾਂ ਨਗਰ ਨਿਗਮ ਪ੍ਰਸ਼ਾਸਨ ਨੇ ਲੈਣ ਦਾ ਫੈਸਲਾ ਲਿਆ ਹੈ।''


DIsha

Content Editor

Related News