''ਸ਼ੰਖ'' ਦੇ ਆਕਾਰ ਦਾ ਹੋਵੇਗਾ ਹਿਸਾਰ ਏਅਰਪੋਰਟ, ਦੁਸ਼ਯੰਤ ਚੌਟਾਲਾ ਨੇ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ
Monday, May 22, 2023 - 11:53 AM (IST)
ਹਿਸਾਰ- ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿਚ ਉਸਾਰੀ ਅਧੀਨ ਮਹਾਰਾਜਾ ਅਗ੍ਰਸੇਨ ਹਵਾਈ ਅੱਡਾ ਸ਼ੰਖ ਦੇ ਆਕਾਰ ਦਾ ਬਣੇਗਾ। ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਟਵਿੱਟਰ ਹੈਂਡਲ 'ਤੇ ਹਿਸਾਰ ਹਵਾਈ ਅੱਡੇ ਲਈ ਨਵੇਂ ਟਰਮੀਨਲ ਦੇ ਡਿਜ਼ਾਈਨ ਦੀਆਂ ਕੁਝ ਤਸਵੀਰਾਂ ਨੂੰ ਸਾਂਝਾ ਕੀਤਾ ਹੈ।
ਹਿਸਾਰ 'ਚ ਬਣ ਰਿਹੈ ਹਰਿਆਣਾ ਦਾ ਪਹਿਲਾ ਵੱਡਾ ਹਵਾਈ ਅੱਡਾ
ਦੱਸ ਦੇਈਏ ਕਿ ਕਰੀਬ 7200 ਏਕੜ 'ਚ ਹਿਸਾਰ ਵਿਚ ਹਰਿਆਣਾ ਦਾ ਪਹਿਲਾ ਵੱਡਾ ਹਵਾਈ ਅੱਡਾ ਬਣ ਰਿਹਾ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਹਵਾਈ ਅੱਡੇ ਨੂੰ 1 ਨਵੰਬਰ ਤੱਕ ਖੇਤਰੀ ਸੰਪਰਕ ਯੋਜਨਾ ਦੇ ਤਹਿਤ ਹਿਸਾਰ ਤੋਂ ਵੱਖ-ਵੱਖ ਸੂਬਿਆਂ ਨੂੰ ਜਾਣ ਵਾਲੇ 9 ਰੂਟਾਂ 'ਤੇ ਹਵਾਈ ਸੇਵਾ ਸ਼ੁਰੂ ਕੀਤੀ ਜਾਵੇ। ਇੱਥੇ 3000 ਏਕੜ ਰਕਬੇ 'ਚ ਨਿਰਮਾਣ ਹੱਬ ਵੀ ਵਿਕਸਿਤ ਕੀਤਾ ਜਾਵੇਗਾ। ਟੈਕਸੀ ਸਟੈਂਡ ਅਤੇ 23 ਮੀਟਰ ਚੌੜਾ ਟੈਕਸੀ-ਵੇਅ, ਪਾਰਕਿੰਗ ਸਟੈਂਡ, ਫਾਇਰ ਸਟੇਸ਼ਨ ਦੇ ਨਾਲ-ਨਾਲ ਹਿਸਾਰ ਹਵਾਈ ਅੱਡੇ 'ਤੇ ਰਨਵੇਅ ਵੀ ਕੌਮਾਂਤਰੀ ਮਾਪਦੰਡਾਂ ਅਨੁਸਾਰ ਬਣਾਇਆ ਜਾ ਰਿਹਾ ਹੈ। ਅਤਿ-ਆਧੁਨਿਕ ਤਕਨੀਕ ਵਾਲੀਆਂ ਲਾਈਟਾਂ ਲਗਾਈਆਂ ਜਾ ਰਹੀਆਂ ਹਨ। ਇਸ ਨਾਲ ਰਾਤ ਨੂੰ ਵੀ ਹਵਾਈ ਜਹਾਜ਼ ਲੈਂਡ ਕਰ ਸਕਦੇ ਹਨ।
ਹਵਾਈ ਅੱਡੇ ਦੇ ਬਣਨ ਨਾਲ ਹਜ਼ਾਰਾਂ ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਇਸ ਹਵਾਈ ਅੱਡੇ ਦੇ ਬਣਨ ਨਾਲ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਸ ਦੇ ਨਾਲ ਹੀ ਇਹ ਹਵਾਈ ਅੱਡਾ ਹਰਿਆਣਾ ਦੇ ਵਿਕਾਸ 'ਚ ਮੀਲ ਦਾ ਪੱਥਰ ਸਾਬਤ ਹੋਵੇਗਾ। ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਹਰਿਆਣਾ ਵਿਚ ਇਕ ਵੀ ਰਜਿਸਟਰਡ ਹਵਾਈ ਅੱਡਾ ਨਹੀਂ ਹੈ ਪਰ ਹਿਸਾਰ ਹਵਾਈ ਅੱਡੇ ਦੇ ਚਾਲੂ ਹੁੰਦੇ ਹੀ ਹਰਿਆਣਾ ਨੂੰ ਆਪਣਾ ਪਹਿਲਾ ਸਭ ਤੋਂ ਵੱਡਾ ਹਵਾਈ ਅੱਡਾ ਮਿਲੇਗਾ।