'ਹਿੰਦੂਜਾ' ਬ੍ਰਿਟੇਨ 'ਚ ਰਹਿ ਰਿਹਾ ਸਭ ਤੋਂ ਅਮੀਰ ਏਸ਼ੀਆਈ ਪਰਿਵਾਰ

Saturday, Mar 24, 2018 - 02:27 PM (IST)

ਲੰਡਨ— ਹਿੰਦੂਜਾ ਪਰਿਵਾਰ ਨੇ ਲਗਾਤਾਰ ਪੰਜਵੀਂ ਵਾਰ ਬ੍ਰਿਟੇਨ 'ਚ ਸਭ ਤੋਂ ਅਮੀਰ ਏਸ਼ੀਆਈ ਹੋਣ ਦਾ ਰੁਤਬਾ ਕਾਇਮ ਕੀਤਾ ਹੈ। ਇਸ ਪਰਿਵਾਰ ਦੀ ਕੁੱਲ ਸੰਪੱਤੀ 22 ਅਰਬ ਪੌਂਡ (ਤਕਰੀਬਨ 202,400 ਕਰੋੜ ਰੁਪਏ) ਹੈ।
ਬ੍ਰਿਟੇਨ ਦੇ ਏਸ਼ੀਆਈ ਮੀਡੀਆ ਗਰੁੱਪ ਵੱਲੋਂ ਪ੍ਰਕਾਸ਼ਿਤ ਏਸ਼ੀਆਈ ਅਮੀਰਾਂ ਦੀ ਸਲਾਨਾ ਸੂਚੀ ਮੁਤਾਬਕ ਲੰਡਨ 'ਚ ਦਫਤਰ ਵਾਲੇ 'ਹਿੰਦੂਜਾ ਗਰੁੱਪ' ਦੀ ਕਮਾਨ ਸ਼੍ਰੀ ਚੰਦ ਪੀ.ਹਿੰਦੂਜਾ, ਗੋਪੀਚੰਦ ਪੀ. ਹਿੰਦੂਜਾ, ਪ੍ਰਕਾਸ਼ ਪੀ. ਹਿੰਦੂਜਾ ਅਤੇ ਅਸ਼ੋਕ ਪੀ. ਹਿੰਦੂਜਾ ਦੇ ਹੱਥਾਂ 'ਚ ਹੈ। ਉਨ੍ਹਾਂ ਦੀ ਸੰਪਤੀ 'ਚ ਪਿਛਲੇ ਸਾਲ 2017 'ਚ 3 ਅਰਬ ਪੌਂਡ ਦਾ ਵਾਧਾ ਦਰਜ ਕੀਤਾ ਗਿਆ ਹੈ। ਹਿੰਦੂਜਾ ਦਾ ਕਾਰੋਬਾਰ ਦੁਨੀਆ ਦੇ ਪੰਜ ਮਹਾਂਦੀਪਾਂ 'ਚ ਫੈਲਿਆ ਹੈ। ਉਨ੍ਹਾਂ ਦਾ ਪ੍ਰਬੰਧ ਚਾਰ ਹਿੰਦੂਜਾ ਭਰਾ ਅਤੇ ਉਨ੍ਹਾਂ ਦੇ ਬੱਚੇ ਸੰਭਾਲਦੇ ਹਨ। ਰਿਚ ਲਿਸਟ ਨੋਟ ਮੁਤਾਬਕ,''ਜੀ. ਪੀ. ਹਿੰਦੂਜਾ ਆਪਣੇ ਕਾਰੋਬਾਰ ਦੇ ਦੱਸ ਵਰਟੀਕਲ ਦੱਸਦੇ ਹਨ ਜੋ ਵੱਖ-ਵੱਖ ਸੈਕਟਰਾਂ 'ਚ ਕੰਮ ਕਰਦੇ ਹਨ ।''
ਇਸ ਸੂਚੀ 'ਚ ਦੂਜੇ ਸਥਾਨ 'ਤੇ ਲਕਸ਼ਮੀ ਨਿਵਾਸ ਮਿੱਤਲ ਰਹੇ ਜਿਨ੍ਹਾਂ ਕੋਲ 14 ਅਰਬ ਪੌਂਡ ਦੀ ਜਾਇਦਾਦ ਹੈ। ਪਿਛਲੇ ਸਾਲ ਉਨ੍ਹਾਂ ਦੀ ਜਾਇਦਾਦ 12.6 ਅਰਬ ਪੌਂਡ ਸੀ। ਇਸ ਦੇ ਬਾਅਦ ਤੀਸਰੇ ਸਥਾਨ 'ਤੇ ਭਾਰਤੀ ਸ਼੍ਰੀ ਪ੍ਰਕਾਸ਼ ਲੋਹੀਆ ਹਨ। ਇੰਡੋਰਾਮਾ ਕਾਰਪੋਰੇਸ਼ਨ ਦੇ ਚੇਅਰਮੈਨ ਲੋਹੀਆ ਦੀ ਕੁੱਲ ਜਾਇਦਾਦ 5.1 ਅਰਬ ਪੌਂਡ ਹੈ। ਇਸ ਸੂਚੀ 'ਚ ਬ੍ਰਿਟੇਨ 'ਚ ਰਹਿੰਦੇ 101 ਦੱਖਣੀ ਏਸ਼ੀਆਈ ਮਿਲੀਨੀਅਰਜ਼ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਦੀ ਕੁੱਲ ਜਾਇਦਾਦ 80.2 ਅਰਬ ਪੌਂਡ ਹੈ।


Related News