ਪੰਜਾਬ ਦੇ ਮੁਲਾਜ਼ਮਾਂ ਨੂੰ ਨੌਕਰੀ ਖੁੱਸਣ ਦਾ ਖ਼ਤਰਾ! ਪੂਰੀ ਖ਼ਬਰ ਪੜ੍ਹ ਹੈਰਾਨ ਰਹਿ ਜਾਵੋਗੇ

Wednesday, Aug 20, 2025 - 11:04 AM (IST)

ਪੰਜਾਬ ਦੇ ਮੁਲਾਜ਼ਮਾਂ ਨੂੰ ਨੌਕਰੀ ਖੁੱਸਣ ਦਾ ਖ਼ਤਰਾ! ਪੂਰੀ ਖ਼ਬਰ ਪੜ੍ਹ ਹੈਰਾਨ ਰਹਿ ਜਾਵੋਗੇ

ਨੂਰਪੁਰ ਬੇਦੀ (ਕੁਲਦੀਪ ਸ਼ਰਮਾ) : ਪੰਜਾਬ ਦੇ ਲੋਕ ਨਿਰਮਾਣ ਵਿਭਾਗ 'ਚ ਜਾਅਲੀ ਅਪੰਗਤਾ ਸਰਟੀਫਿਕੇਟ ਬਣਾ ਕੇ ਨੌਕਰੀ ਲੱਗੇ ਕਈ ਅਫ਼ਸਰਾਂ ਅਤੇ ਮੁਲਾਜ਼ਮਾਂ 'ਤੇ ਨੌਕਰੀ ਖੁੱਸਣ ਦੀ ਤਲਵਾਰ ਲਟਕ ਗਈ ਹੈ। ਪੰਜਾਬ ਸਰਕਾਰ ਅਤੇ ਵਿਭਾਗ ਵਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਅਲੀ ਅਪੰਗਤਾ ਸਰਟੀਫਿਕੇਟ ਬਣਾ ਕੇ ਨੌਕਰੀਆਂ 'ਤੇ ਲੱਗੇ ਅਫ਼ਸਰਾਂ ਅਤੇ ਕਰਮਚਾਰੀਆਂ ਦੀ ਮੁੜ ਮੈਡੀਕਲ ਜਾਂਚ ਲਈ 4 ਮੈਡੀਕਲ ਬੋਰਡ ਬਣਾਏ ਗਏ ਹਨ। ਇਸ ਨੂੰ ਲੈ ਕੇ ਮਹਿਕਮੇ 'ਚ ਜਾਅਲੀ ਸਰਟੀਫਿਕੇਟ ਬਣਾ ਕੇ ਹੋਰ ਲੋਕਾਂ ਦਾ ਹੱਕ ਮਾਰ ਕੇ ਨੌਕਰੀ ਲੱਗੇ ਅਫ਼ਸਰਾਂ 'ਚ ਹਫੜਾ-ਦਫੜੀ ਮਚ ਗਈ ਹੈ। ਵਿਭਾਗ 'ਚ ਅਪੰਗਤਾ ਦੇ ਆਧਾਰ ’ਤੇ ਨੌਕਰੀਆਂ ਲੈਣ ਵਾਲੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਨ੍ਹਾਂ ਮੈਡੀਕਲ ਬੋਰਡਾਂ 'ਚ ਜਾ ਕੇ ਮੁੜ ਤੋਂ ਮੈਡੀਕਲ ਕਰਵਾਉਣ ਲਈ ਹੁਕਮ ਜਾਰੀ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਅਧਿਕਾਰੀਆਂ, ਜਿਨ੍ਹਾਂ ਨੌਕਰੀ ਲੈਣ ਲਈ 40 ਫ਼ੀਸਦੀ ਤੋਂ ਜ਼ਿਆਦਾ ਦੀ ਅਪੰਗਤਾ ਦਿਖਾ ਕੇ ਨੌਕਰੀ ਹਾਸਲ ਕੀਤੀ ਸੀ, ਹੁਣ ਉਨ੍ਹਾਂ ਦੀ ਅਪੰਗਤਾ ਨਾ ਮਾਤਰ ਆ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਵੱਡੀ ਚਿਤਾਵਨੀ ਜਾਰੀ, ਮਾਨ ਸਰਕਾਰ ਨੇ ਚੁੱਕਿਆ ਸਖ਼ਤ ਕਦਮ

ਕਈ ਅਫ਼ਸਰ ਮੁੜ ਤੋਂ ਮੈਡੀਕਲ ਕਰਵਾਉਣ ਤੋਂ ਡਰਦੇ ਮਾਰੇ ਬਹਾਨੇ ਮਾਰ ਕੇ ਛੁੱਟੀ ’ਤੇ ਚਲੇ ਗਏ ਹਨ, ਜਦੋਂਕਿ ਕੁੱਝ ਅਫ਼ਸਰ ਹਾਈਕੋਰਟ ਦੇ ਦਰਵਾਜ਼ੇ ਖੜਕਾਉੇਣ ਦੀ ਤਿਆਰੀ ਕਰ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਨ ਸਰਕਾਰ ਬਣਦੇ ਸਾਰ ਹੀ ਇਸ ਸਬੰਧ 'ਚ ਵੀ ਕਈ ਲੋਕਾਂ ਨੇ ਵਿਭਾਗ ਨੂੰ ਸ਼ਿਕਾਇਤਾਂ ਦਿੱਤੀਆਂ ਸਨ ਕਿ ਲੋਕ ਨਿਰਮਾਣ ਵਿਭਾਗ 'ਚ ਪਿਛਲੀਆਂ ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਦੌਰਾਨ ਅਨੇਕਾਂ ਲੋਕਾਂ ਨੇ ਅਪੰਗਤਾ ਦੇ ਜਾਅਲੀ ਸਰਟੀਫਿਕੇਟ ਬਣਾ ਕੇ ਸਰਕਾਰ 'ਚ ਅਧਿਕਾਰੀਆਂ ਦੀਆਂ ਨੌਕਰੀਆਂ ਹਾਸਲ ਕੀਤੀਆਂ ਸਨ। ਜਦੋਂ ਸਬੰਧਿਤ ਵਿਭਾਗ ਨੇ ਉਨ੍ਹਾਂ ਦੀਆਂ ਸ਼ਿਕਾਇਤਾਂ ’ਤੇ ਗੌਰ ਨਹੀ ਕੀਤਾ ਤਾਂ ਕੁੱਝ ਸ਼ਿਕਾਇਤਕਰਤਾਵਾਂ ਵਲੋਂ ਹਾਈਕੋਰਟ ਦੇ ਵਕੀਲਾਂ ਤੋਂ ਵਿਭਾਗ ਨੂੰ ਨੋਟਿਸ ਵੀ ਕੱਢਵਾਏ ਗਏ। ਇਸ ਉਪਰੰਤ ਪੰਜਾਬ ਸਰਕਾਰ ਨੇ ਇਸ ਵਿਭਾਗ 'ਚ ਅੰਗਹੀਣਤਾ ਦੇ ਆਧਾਰ ’ਤੇ ਨੌਕਰੀ ਕਰਨ ਵਾਲੇ ਸਾਰੇ ਅਫ਼ਸਰਾਂ ਤੇ ਕਰਮਚਾਰੀਆਂ ਦਾ ਦੁਬਾਰਾ ਤਾਜ਼ਾ ਮੈਡੀਕਲ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ : ਮੁਫ਼ਤ ਕਣਕ ਲੈਣ ਵਾਲੇ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਹੁਣ ਮਸ਼ੀਨਾਂ ਤੋਂ...

ਜਾਣਕਾਰੀ ਅਨੁਸਾਰ ਕੁੱਝ ਹੋਰ ਅਧਿਕਾਰੀਆਂ ਦੇ ਨਾਲ-ਨਾਲ ਚੰਡੀਗੜ੍ਹ ਵਿਖੇ ਤਾਇਨਾਤ ਵਿਭਾਗ ਦੇ ਇਕ ਕਾਰਜਕਾਰੀ ਇੰਜੀਨੀਅਰ ਨੇ ਕੰਨਾਂ ਤੋਂ ਉੱਚਾ ਸੁਣਨ ਦਾ 70 ਫ਼ੀਸਦੀ ਅਪੰਗਤਾ ਦਾ ਸਰਟੀਫਿਕੇਟ ਬਣਾ ਕੇ ਨੌਕਰੀ ਹਾਸਲ ਕੀਤੀ ਸੀ, ਜਿਸ ਦਾ ਹੁਣ ਤਾਜ਼ਾ ਮੈਡੀਕਲ ਕਰਵਾਉਣ ਉਪਰੰਤ ਅਪੰਗਤਾ ਦੀ ਫ਼ੀਸਦੀ 8 ਆਈ ਹੈ, ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ 'ਚ ਹੋਰਨਾਂ ਵਿਭਾਗਾਂ 'ਚ ਵੀ ਅਨੇਕਾਂ ਲੋਕਾਂ ਨੇ ਅਪੰਗ ਲੋਕਾਂ ਦਾ ਹੱਕ ਮਾਰ ਕੇ ਜਾਅਲੀ ਅਪੰਗਤਾ ਸਰਟੀਫਿਕੇਟ ਬਣਾ ਕੇ ਨੌਕਰੀਆਂ ਹਾਸਲ ਕੀਤੀਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਮਾਝੇ ਤੋਂ ਅਕਾਲੀ ਦਲ ਦੇ ਇਕ ਸੀਨੀਅਰ ਅਕਾਲੀ ਆਗੂ ਦਾ ਜਵਾਈ ਵੀ ਇਸ ਮਾਮਲੇ 'ਚ ਸ਼ੱਕੀ ਹੈ, ਜੋ ਆਪਣੇ ਕੁੱਝ ਹੋਰ ਬਾਕੀ ਸਾਥੀਆਂ ਨਾਲ ਤਾਜ਼ਾ ਮੈਡੀਕਲ ਕਰਵਾਉਣ ਤੋਂ ਘਬਰਾ ਰਿਹਾ ਹੈ। ਇਸ ਮਹਿਕਮੇ 'ਚ ਇਕ ਅਜਿਹਾ ਐੱਸ. ਡੀ. ਓ. ਵੀ ਹੈ, ਜਿਸ ਨੇ ਚੰਡੀਗੜ੍ਹ ਦੇ ਇਕ ਹਸਪਤਾਲ ਤੋਂ ਨੌਕਰੀ ਲੈਣ ਲਈ ਜਾਅਲੀ ਸਰਟੀਫਿਕੇਟ ਬਣਾਇਆ ਗਿਆ ਹੈ, ਜਿਸ ਦਾ ਹਸਪਤਾਲ ਦੇ ਰਿਕਾਰਡ ਵਿਚ ਕੁੱਝ ਵੀ ਦਰਜ ਨਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ 'ਚ ਇਕ ਦਰਜਨ ਦੇ ਕਰੀਬ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਜਾਅਲੀ ਸਰਟੀਫਿਕੇਟਾਂ ਦੇ ਆਧਾਰ ’ਤੇ ਨੌਕਰੀ ਕਰ ਰਹੇ ਹਨ, ਜਿਨ੍ਹਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। 
ਕਈ ਜਾਅਲੀ ਸਰਟੀਫਿਕੇਟਾਂ ਵਾਲੇ ਨੌਕਰੀਆਂ ਕਰ ਕੇ ਪੈਨਸ਼ਨ ਦਾ ਮਾਣ ਰਹੇ ਆਨੰਦ ਲੋਕ ਨਿਰਮਾਣ ਵਿਭਾਗ ਦੇ ਕਈ ਅਧਿਕਾਰੀ ਅਤੇ ਕਰਮਚਾਰੀਆਂ ਅਜਿਹੇ ਵੀ ਹਨ, ਜੋ ਜਾਅਲੀ ਅਪੰਗਤਾ ਸਰਟੀਫਿਕੇਟ ਦੇ ਆਧਾਰ ’ਤੇ ਨੌਕਰੀਆਂ ਕਰ ਕੇ ਅੱਜ-ਕੱਲ੍ਹ ਪੈਨਸ਼ਨਾਂ ਦਾ ਆਨੰਦ ਮਾਣ ਰਹੇ ਹਨ। ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਅਜਿਹੇ ਅਧਿਕਾਰੀਆਂ ਖ਼ਿਲਾਫ਼ ਵੀ ਜਾਂਚ ਕਰਨੀ ਚਾਹੀਦੀ ਹੈ, ਨਹੀ ਤਾਂ ਉਹ ਹਾਈਕੋਰਟ ਵਿਚ ਜਾਣਗੇ।
ਕੀ ਜਾਅਲੀ ਸਰਟੀਫਿਕੇਟ ਜਾਰੀ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ 
ਇਸ ਸਬੰਧ ਵਿਚ ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਇਸ ਜਾਅਲਸਾਜ਼ੀ ਵਿਚ ਇਕੱਲੇ ਨੌਕਰੀਆਂ ਲੱਗੇ ਅਧਿਕਾਰੀ ਹੀ ਦੋਸ਼ੀ ਨਹੀ ਹਨ, ਸਗੋਂ ਅਜਿਹੇ ਲੋਕਾਂ ਨੂੰ ਗਲਤ ਤੇ ਜਾਅਲੀ ਸਰਟੀਫਿਕੇਟ ਬਣਾ ਕੇ ਦੇਣ ਵਾਲੇ ਡਾਕਟਰ ਅਤੇ ਸਿਵਲ ਸਰਜਨ ਵੀ ਓਨੇ ਹੀ ਜ਼ਿੰਮੇਵਾਰ ਹਨ ਕਿਉਂਕਿ ਉਨ੍ਹਾਂ ਨੇ ਇਨ੍ਹਾਂ ਲੋਕਾਂ ਨੂੰ ਜਾਅਲੀ ਤੇ ਗਲਤ ਸਰਟੀਫਿਕੇਟ ਜਾਰੀ ਕਰ ਕੇ ਯੋਗ ਅਪਾਹਜ ਲੋਕਾਂ ਦੇ ਹੱਕ ਮਾਰੇ ਹਨ।
ਕੀ ਕਹਿਣਾ ਹੈ ਰਾਜਿੰਦਰਾ ਹਸਪਤਾਲ ਦੇ ਮੁਖੀ ਦਾ 
ਜਦੋ ਇਸ ਸਬੰਧ ਵਿਚ ਇਸ ਪੱਤਰਕਾਰ ਨੇ ਰਾਜਿੰਦਰ ਮੈਡੀਕਲ ਕਾਲਜ ਤੇ ਹਸਪਤਾਲ ਪਟਿਆਲਾ ਦੇ ਮੁੱਖੀ ਡਾ. ਸਿਵੀਆਂ ਤੋਂ ਉਨ੍ਹਾਂ ਦਾ ਪੱਖ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਮੈਡੀਕਲ ਜਾਂਚ ਲਈ ਡਾਕਟਰਾਂ ਦਾ ਪੈਨਲ ਬਣਾ ਦਿੱਤਾ ਹੈ। ਸਹੀ ਜਾਂਚ ਉਪਰੰਤ ਇਸ ਦੀ ਸਾਰੀ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁੱਝ ਅਧਿਕਾਰੀਆਂ ਦੇ ਮੈਡੀਕਲ ਹੋ ਚੁੱਕੇ ਹਨ ਅਤੇ ਬਾਕੀਆਂ ਦੇ ਕੀਤੇ ਜਾ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News