ਬੰਗਲਾਦੇਸ਼ ਹਿੰਸਾ : ਪੱਛਮੀ ਬੰਗਾਲ ’ਚ ਪ੍ਰਦਰਸ਼ਨ ਦੌਰਾਨ ਪੁਲਸ ਨਾਲ ਭਿੜੇ ਭਾਜਪਾ ਹਮਾਇਤੀ
Wednesday, Dec 24, 2025 - 11:53 PM (IST)
ਕੋਲਕਾਤਾ, (ਭਾਸ਼ਾ)- ਗੁਆਂਢੀ ਬੰਗਲਾਦੇਸ਼ ਵਿਚ ਘੱਟ-ਗਿਣਤੀ ਭਾਈਚਾਰੇ ਨਾਲ ਜੁੜੇ ਇਕ ਵਿਅਕਤੀ ਦੀ ਹੱਤਿਆ ਦੇ ਵਿਰੋਧ ਵਿਚ ਬੁੱਧਵਾਰ ਨੂੰ ਪੱਛਮੀ ਬੰਗਾਲ ਵਿਚ ਭਾਰਤ-ਬੰਗਲਾਦੇਸ਼ ਸਰਹੱਦ ਦੇ ਕਈ ਜ਼ਮੀਨੀ ਬੰਦਰਗਾਹਾਂ ’ਤੇ ਇਕ ਹਿੰਦੂ ਹਮਾਇਤੀ ਸੰਗਠਨ ਦੇ ਮੈਂਬਰਾਂ ਨੇ ਪ੍ਰਦਰਸ਼ਨ ਕੀਤੇ। ਹਾਵੜਾ ਜ਼ਿਲੇ ਵਿਚ ਪ੍ਰਦਰਸ਼ਨ ਦੌਰਾਨ ਪੁਲਸ ਅਤੇ ਭਾਜਪਾ ਹਮਾਇਤੀਆਂ ਵਿਚਾਲੇ ਝੜਪ ਵੀ ਹੋਈ। ਝੜਪ ਉਸ ਸਮੇਂ ਸ਼ੁਰੂ ਹੋਈ ਜਦੋਂ ਪੁਲਸ ਨੇ ਭਾਜਪਾ ਦੇ ਮਾਰਚ ਨੂੰ ਹਾਵੜਾ ਪੁਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਦਿੱਤਾ, ਜਿਸ ਨਾਲ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਮੁਲਾਜ਼ਮਾਂ ਵਿਚਾਲੇ ਤਿੱਖੀ ਬਹਿਸ ਹੋਈ।
ਹਾਵੜਾ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਲੋਕਾਂ ਦੇ ਆਮ ਜਨਜੀਵਨ ਵਿਚ ਵਿਘਨ ਪਾਉਣ ਅਤੇ ਪ੍ਰਦਰਸ਼ਨ ਦੇ ਨਾਂ ’ਤੇ ਯਾਤਰੀਆਂ ਨੂੰ ਪ੍ਰੇਸ਼ਾਨ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਅਸੀਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੈਦਾ ਕਰਨ ਦੀ ਕੋਸ਼ਿਸ਼ ਨੂੰ ਰੋਕਣ ਲਈ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ।
ਜਿਵੇਂ ਹੀ ਪੁਲਸ ਨੇ ਮਾਰਚ ਨੂੰ ਅੱਗੇ ਵਧਣ ਤੋਂ ਰੋਕਿਆ, ਪ੍ਰਦਰਸ਼ਨਕਾਰੀ ਸੜਕ ’ਤੇ ਬੈਠ ਗਏ ਅਤੇ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਝੜਪਾਂ ਹੋਈਆਂ। ਪੁਲਸ ਨੇ ਦੋਸ਼ ਲਗਾਇਆ ਕਿ ਪ੍ਰਦਰਸ਼ਨਕਾਰੀ ਹਮਲਾਵਰ ਹੋ ਗਏ, ਜਿਸ ਕਾਰਨ ਸੁਰੱਖਿਆ ਕਰਮਚਾਰੀਆਂ ਨੂੰ ਉਨ੍ਹਾਂ ਨੂੰ ਖਿੰਡਾਉਣ ਲਈ ਕਾਰਵਾਈ ਕਰਨੀ ਪਈ।
