ਬੰਗਲਾਦੇਸ਼ ’ਚ ਹਿੰਦੂ ਪਰਿਵਾਰਾਂ ਦੇ ਘਰ ਸਾੜੇ, ਭਾਰਤ ਦੇ 6 ਸ਼ਹਿਰਾਂ ’ਚ ਪ੍ਰਦਰਸ਼ਨ

Wednesday, Dec 24, 2025 - 12:14 AM (IST)

ਬੰਗਲਾਦੇਸ਼ ’ਚ ਹਿੰਦੂ ਪਰਿਵਾਰਾਂ ਦੇ ਘਰ ਸਾੜੇ, ਭਾਰਤ ਦੇ 6 ਸ਼ਹਿਰਾਂ ’ਚ ਪ੍ਰਦਰਸ਼ਨ

ਨਵੀਂ ਦਿੱਲੀ/ਢਾਕਾ- ਬੰਗਲਾਦੇਸ਼ ’ਚ ਅਸ਼ਾਂਤੀ ਦੇ ਦਰਮਿਆਨ ਘੱਟ ਗਿਣਤੀ ਹਿੰਦੂਆਂ ’ਤੇ ਇਕ ਤੋਂ ਬਾਅਦ ਇਕ ਹੋ ਰਹੇ ਹਮਲਿਆਂ ਨੇ ਚਿਤਾਵਾਂ ਵਧਾ ਦਿੱਤੀਆਂ ਹਨ। ਇਸ ਦਰਮਿਆਨ ਹਾਲ ਹੀ ’ਚ ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਚਟਗਾਓਂ ਜ਼ਿਲੇ ’ਚ ਹਿੰਦੂ ਪਰਿਵਾਰਾਂ ਦੇ ਘਰਾਂ ’ਚ ਸਾੜ-ਫੂਕ ਕੀਤੀ ਗਈ ਹੈ। ਸੋਮਵਾਰ ਤੜਕੇ ਲੱਗਭਗ 3:45 ਵਜੇ ਪੱਛਮੀ ਸੁਲਤਾਨਪੁਰ ਪਿੰਡ ’ਚ 2 ਹਿੰਦੂ ਪਰਿਵਾਰਾਂ ਦੇ ਘਰਾਂ ’ਚ ਅੱਗ ਲਾ ਦਿੱਤੀ ਗਈ। ਦੋਸ਼ ਹੈ ਕਿ ਹਮਲਾਵਰਾਂ ਨੇ ਘਰਾਂ ਦੇ ਦਰਵਾਜ਼ੇ ਬਾਹਰੋਂ ਬੰਦ ਕਰ ਦਿੱਤੇ ਸਨ।

ਇਸ ਦੌਰਾਨ ਪਰਿਵਾਰ ਦੇ ਲੋਕ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਸਕੇ। ਹਾਲਾਂਕਿ, ਉਨ੍ਹਾਂ ਦੇ ਪਾਲਤੂ ਜਾਨਵਰਾਂ ਦੀ ਝੁਲਸਣ ਕਾਰਨ ਮੌਤ ਹੋ ਗਈ। ਅੱਗ ਲਾਉਣ ਵਾਲੇ ਕੱਟੜਪੰਥੀਆਂ ਨੇ ਘਟਨਾ ਵਾਲੀ ਥਾਂ ਦੇ ਕੋਲ ਇਕ ਧਮਕੀ ਵਾਲਾ ਪੋਸਟਰ ਵੀ ਲਾਇਆ ਹੈ। ਕਥਿਤ ਤੌਰ ’ਤੇ ਇਸ ਪੋਸਟਰ ’ਚ ਹਿੰਦੂਆਂ ਨੂੰ ਆਖਰੀ ਚਿਤਾਵਨੀ ਦਿੱਤੀ ਗਈ ਹੈ।

ਇਕ ਰਿਪੋਰਟ ਮੁਤਾਬਕ ਘਟਨਾ ਚਟੋਗ੍ਰਾਮ ’ਚ ਭਾਰਤੀ ਮੂਲ ਦੇ ਜੈਅੰਤੀ ਸੰਘ ਅਤੇ ਬਾਬੂ ਸ਼ੁਕੁਸ਼ੀਲ ਦੇ ਘਰ ’ਚ ਹੋਈ। ਸਥਾਨਕ ਲੋਕਾਂ ਨੇ ਦੱਸਿਆ ਕਿ ਪਰਿਵਾਰ ਦੇ ਲੋਕ ਬੜੀ ਮੁਸ਼ਕਲ ਨਾਲ ਵਾੜ ਕੱਟ ਕੇ ਜਾਨ ਬਚਾ ਕੇ ਭੱਜਣ ’ਚ ਕਾਮਯਾਬ ਹੋ ਸਕੇ।

ਉੱਥੇ ਹੀ, ਵਿਹਿਪ ਦੇ ਵਰਕਰਾਂ ਨੇ ਮੰਗਲਵਾਰ ਨੂੰ ਨਵੀਂ ਦਿੱਲੀ ’ਚ ਬੰਗਲਾਦੇਸ਼ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਪੁਲਸ ਦੇ ਬੈਰੀਕੇਡ (ਸੁਰੱਖਿਆ ਘੇਰੇ) ਵੀ ਤੋਡ਼ ਦਿੱਤੇ। ਇਸ ਦਰਮਿਆਨ, ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲਾ ਨੇ ਭਾਰਤੀ ਹਾਈ ਕਮਿਸ਼ਨਰ ਪ੍ਰਣਯ ਵਰਮਾ ਨੂੰ ਤਲਬ ਕੀਤਾ ਹੈ। ਉੱਥੇ ਹੀ, ਭਾਰਤ ਨੇ ਵੀ ਹਿੰਸਾ ਦਰਮਿਆਨ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਨੂੰ ਤਲਬ ਕਰ ਕੇ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ।

ਬੰਗਲਾਦੇਸ਼ ’ਚ ਹਿੰਦੂ ਨੌਜਵਾਨ ਦੀ ਹੱਤਿਆ ਦੇ ਖਿਲਾਫ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਪੂਰੇ ਦੇਸ਼ ’ਚ ਪ੍ਰਦਰਸ਼ਨ ਕਰ ਰਹੀ ਹੈ। ਅੱਜ ਸਵੇਰੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰਾਂ ਨੇ ਦਿੱਲੀ ’ਚ ਬੰਗਲਾਦੇਸ਼ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ। ਦਿੱਲੀ ਤੋਂ ਇਲਾਵਾ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਮੁੰਬਈ, ਕੋਲਕਾਤਾ, ਅਹਿਮਦਾਬਾਦ, ਭੋਪਾਲ ਅਤੇ ਜੰਮੂ ’ਚ ਰੈਲੀ ਕੱਢ ਕੇ ਪੀਡ਼ਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ।

ਕੋਲਕਾਤਾ ’ਚ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ

ਬੰਗਲਾਦੇਸ਼ ’ਚ ਹਿੰਦੂ ਘੱਟ ਗਿਣਤੀਆਂ ’ਤੇ ਹਮਲੇ ਦੇ ਵਿਰੋਧ ’ਚ ਇਕ ਹਿੰਦੂਵਾਦੀ ਸੰਗਠਨ ਦੇ ਸੈਂਕੜੇ ਸਮਰਥਕਾਂ ਨੇ ਮੰਗਲਵਾਰ ਦੁਪਹਿਰ ਨੂੰ ਕੋਲਕਾਤਾ ’ਚ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਦੀ ਪੁਲਸ ਨਾਲ ਝੜਪ ਹੋ ਗਈ। ਭਾਜਪਾ ਹੁਣ ਪੁਲਸ ਕਾਰਵਾਈ ਨੂੰ ਲੈ ਕੇ ਭੜਕ ਗਈ ਹੈ।

ਕੋਲਕਾਤਾ ਦੇ ਬੇਕਬਾਗਨ ’ਚ ਸਥਿਤ ਬੰਗਲਾਦੇਸ਼ ਡਿਪਟੀ ਹਾਈ ਕਮਿਸ਼ਨ ਦੇ ਨੇੜੇ ਪੁੱਜਣ ਦੀ ਕੋਸ਼ਿਸ਼ ’ਚ ਪ੍ਰਦਰਸ਼ਨਕਾਰੀਆਂ ਨੇ ਕਈ ਬੈਰੀਕੇਡ ਤੋਡ਼ ਦਿੱਤੇ। ਇਸ ਤੋਂ ਬਾਅਦ ਬੰਗਾਲ ਪੁਲਸ ਨੇ ਉਨ੍ਹਾਂ ਨੂੰ ਤਿਤਰ-ਬਿਤਰ ਕਰਨ ਲਈ ਲਾਠੀਚਾਰਜ ਕੀਤਾ। ਭਾਜਪਾ ਨੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪੱਛਮੀ ਬੰਗਾਲ ਸਰਕਾਰ ’ਤੇ ਗੁਆਂਢੀ ਦੇਸ਼ ’ਚ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਦੀ ਹੱਤਿਆ ਦੇ ਵਿਰੋਧ ’ਚ ਪੁਲਸ ਅਤੇ ਹਿੰਦੂ ਸਮੂਹਾਂ ਵਿਚਾਲੇ ਹੋਈਆਂ ਝੜਪਾਂ ਤੋਂ ਬਾਅਦ ਬੰਗਲਾਦੇਸ਼ ਵਰਗਾ ਅੱਤਿਆਚਾਰ ਕਰਨ ਦਾ ਦੋਸ਼ ਲਾਇਆ।


author

Rakesh

Content Editor

Related News