ਪੈਸਿਆਂ ਦੇ ਜ਼ੋਰ ’ਤੇ ਬੰਗਾਲ ’ਚ ਮੁਸਲਮਾਨਾਂ ਨੂੰ ਵੰਡ ਰਹੀ ਹੈ ਭਾਜਪਾ : ਮਮਤਾ
Tuesday, Dec 23, 2025 - 05:56 AM (IST)
ਕੋਲਕਾਤਾ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ’ਤੇ ਵੱਡਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਹੈ ਕਿ ਭਾਜਪਾ ਪੈਸਿਆਂ ਦੇ ਜ਼ੋਰ ’ਤੇ ਬੰਗਾਲ ਵਿਚ ਮੁਸਲਮਾਨਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸਦੇ ਜ਼ੋਰ ’ਤੇ ਹੀ ਸਿਆਸਤ ਕਰਨਾ ਚਾਹੁੰਦੀ ਹੈ। ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ’ਤੇ ਵੀ ਤਿੱਖਾ ਹਮਲਾ ਕਰਦੇ ਹੋਏ ਦੋਸ਼ ਲਗਾਇਆ ਕਿ ਸੂਬੇ ਵਿਚ ਵੋਟਰ ਸੂਚੀਆਂ ਦੀ ਹੁਣ ਤੱਕ ਕੀਤੀ ਗਈ ਵਿਸ਼ੇਸ਼ ਤੀਬਰ ਸਮੀਖਿਆ (ਐੱਸ. ਆਈ. ਆਰ.) ਪ੍ਰਕਿਰਿਆ ਵਿਚ ‘ਵੱਡੀਆਂ ਗਲਤੀਆਂ’ ਹੋਈਆਂ ਹਨ।
ਬੈਨਰਜੀ ਨੇ ਇਥੇ ਨੇਤਾਜੀ ਇਨਡੋਰ ਸਟੇਡੀਅਮ ਵਿਚ ਤ੍ਰਿਣਮੂਲ ਕਾਂਗਰਸ ਦੇ ਬੂਥ ਪੱਧਰੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਇਹ ਵੀ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਸੂਬਾ ਸਰਕਾਰ ਨੂੰ ਸੂਚਿਤ ਕੀਤੇ ਬਿਨਾਂ ਨਿਗਰਾਨ ਨਿਯੁਕਤ ਕਰ ਰਿਹਾ ਹੈ ਅਤੇ ਭਾਜਪਾ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਸਿਰਫ਼ ਭਾਜਪਾ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਹੈ। ਤ੍ਰਿਣਮੂਲ ਮੁਖੀ ਨੇ ਇਹ ਵੀ ਦਾਅਵਾ ਕੀਤਾ ਕਿ ਐੱਸ. ਆਈ. ਆਰ. ਸੁਣਵਾਈ ਲਈ ਸੂਖਮ ਨਿਗਰਾਨਾਂ ਵਜੋਂ ਨਿਯੁਕਤ ਕੀਤੇ ਗਏ ਕੇਂਦਰੀ ਅਧਿਕਾਰੀਆਂ ਨੂੰ ਸਥਾਨਕ ਭਾਸ਼ਾ ਦਾ ਬਹੁਤ ਘੱਟ ਗਿਆਨ ਹੈ ਅਤੇ ਉਹ ਸੋਧ ਪ੍ਰਕਿਰਿਆ ਦੇ ਦੂਜੇ ਪੜਾਅ ਦੌਰਾਨ ਤਸਦੀਕ ਕਰਨ ਲਈ ਅਯੋਗ ਹਨ।
