ਸ਼ੇਖ ਹਸੀਨਾ ਵਿਰੋਧੀ ਨੇਤਾ ਹਾਦੀ ਦੀ ਮੌਤ ਤੋਂ ਬਾਅਦ ਬੰਗਾਲਦੇਸ਼ ''ਚ ਭੜਕੀ ਹਿੰਸਾ, ਲੱਗੇ ਭਾਰਤ ਵਿਰੋਧੀ ਨਾਅਰੇ

Friday, Dec 19, 2025 - 11:08 AM (IST)

ਸ਼ੇਖ ਹਸੀਨਾ ਵਿਰੋਧੀ ਨੇਤਾ ਹਾਦੀ ਦੀ ਮੌਤ ਤੋਂ ਬਾਅਦ ਬੰਗਾਲਦੇਸ਼ ''ਚ ਭੜਕੀ ਹਿੰਸਾ, ਲੱਗੇ ਭਾਰਤ ਵਿਰੋਧੀ ਨਾਅਰੇ

ਨਵੀਂ ਦਿੱਲੀ/ਢਾਕਾ- ਬੰਗਲਾਦੇਸ਼ 'ਚ ਦੱਖਣਪੰਥੀ ਸੰਗਠਨ ‘ਇੰਕਲਾਬ ਮੰਚ’ ਦੇ ਪ੍ਰਮੁੱਖ ਨੇਤਾ ਅਤੇ ‘ਜੁਲਾਈ ਵਿਦ੍ਰੋਹ’ ਦੇ ਚਿਹਰੇ ਸ਼ਰੀਫ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਦੇਸ਼ ਭਰ 'ਚ ਭਿਆਨਕ ਹਿੰਸਾ ਫੈਲ ਗਈ। ਗੁੱਸੇ 'ਚ ਆਈ ਭੀੜ ਨੇ ਵੀਰਵਾਰ ਦੇਰ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਢਾਕਾ ਸਮੇਤ ਕਈ ਸ਼ਹਿਰਾਂ 'ਚ ਭੰਨ-ਤੋੜ, ਆਗਜਨੀ ਅਤੇ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ। ਇੰਕਲਾਬ ਮੰਚ ਦੇ ਬੁਲਾਰੇ ਸ਼ਰੀਫ ਉਸਮਾਨ ਹਾਦੀ ਦੀ ਵੀਰਵਾਰ ਰਾਤ ਸਿੰਗਾਪੁਰ ਦੇ ਇਕ ਹਸਪਤਾਲ 'ਚ ਮੌਤ ਹੋ ਗਈ। ਉੱਥੇ ਹੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨੁਸ ਨੇ ਵੀਰਵਾਰ ਰਾਤ ਨੂੰ ਟੈਲੀਵਿਨਜ਼ 'ਤੇ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ 'ਚ ਹਾਦੀ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਉਨ੍ਹਾਂ ਦੇ ਕਾਤਲਾਂ ਨੂੰ ਫੜਨ ਲਈ ਤੁਰੰਤ ਕਾਰਵਾਈ ਦਾ ਵਾਅਦਾ ਕੀਤਾ। ਯੂਨੁਸ ਨੇ ਕਿਹਾ,''ਮੈਂ ਤੁਹਾਡੇ ਸਾਹਮਣੇ ਬੇਹੱਦ ਦੁਖਦ ਖ਼ਬਰ ਲੈ ਕੇ ਆਇਆ ਹਾਂ। ਉਨ੍ਹਾਂ ਨੇ ਇਕ ਦਿਨ ਦੇ ਰਾਜਕੀ ਸੋਗ ਦਾ ਐਲਾਨ ਕੀਤਾ।'' ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਸ਼ਾਂਤੀ ਬਣਾਈ ਰੱਖੋ। 12 ਦਸੰਬਰ ਨੂੰ ਢਾਕਾ ਦੇ ਬਿਜੋਇਨਗਰ ਇਲਾਕੇ 'ਚ ਇਕ ਚੋਣ ਮੁਹਿੰਮ ਦੌਰਾਨ ਹੋਏ ਹਮਲੇ 'ਚ ਉਸ ਦੇ ਸਿਰ 'ਚ ਗੋਲੀ ਲੱਗੀ ਸੀ। 

ਸ਼ੇਖ ਹਸੀਨਾ ਦੇ ਵਿਰੋਧੀ ਨੇਤਾ ਉਸਮਾਨ ਹਾਦੀ ਦੀ ਮੌਤ ਦੀ ਖ਼ਬਰ ਫੈਲਦੇ ਹੀ ਉਸ ਦੇ ਸਮਰਥਕਾਂ ਅਤੇ ਕੱਟੜਪੰਥੀ ਵਿਦਿਆਰਥੀਆਂ ਨੇ ਸੜਕਾਂ ‘ਤੇ ਉਤਰ ਕੇ ਹਿੰਸਕ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਖੁਲਨਾ ਅਤੇ ਚੱਟੋਗ੍ਰਾਮ 'ਚ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਸਹਾਇਕ ਹਾਈ ਕਮਿਸ਼ਨ ਦਫ਼ਤਰਾਂ 'ਤੇ ਹਮਲੇ ਦੀ ਕੋਸ਼ਿਸ਼ ਕੀਤੀ। ਚੱਟੋਗ੍ਰਾਮ 'ਚ ਭੀੜ ਨੇ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਵੱਲ ਕੂਚ ਕਰਦਿਆਂ ਪੁਲਸ ਬੈਰੀਕੇਡ ਤੋੜ ਦਿੱਤੇ ਅਤੇ ਜਾਕਿਰ ਹੁਸੈਨ ਰੋਡ ‘ਤੇ ਧਰਨਾ ਦੇ ਕੇ ‘ਭਾਰਤ ਦਾ ਬਾਈਕਾਟ ਕਰੋ’, ‘ਅਵਾਮੀ ਲੀਗ ਦੇ ਅੱਡਿਆਂ ਨੂੰ ਸਾੜ ਦਿਓ’ ਅਤੇ ‘ਹਾਦੀ ਦਾ ਖੂਨ ਵਿਅਰਥ ਨਹੀਂ ਜਾਵੇਗਾ’ ਵਰਗੇ ਨਾਅਰੇ ਲਗਾਏ। ਢਾਕਾ 'ਚ ਪ੍ਰਦਰਸ਼ਨਕਾਰੀਆਂ ਨੇ ਬੁਲਡੋਜ਼ਰ ਲਿਆ ਕੇ ਧਨਮੰਡੀ-32 'ਚ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੇ ਇਤਿਹਾਸਕ ਘਰ ਦੇ ਬਚੇ ਹੋਏ ਹਿੱਸੇ ਨੂੰ ਢਾਹ ਦਿੱਤਾ। ਇਸ ਦੇ ਨਾਲ ਹੀ ਅਵਾਮੀ ਲੀਗ ਦੇ ਕਈ ਨੇਤਾਵਾਂ ਦੇ ਦਫ਼ਤਰਾਂ ਅਤੇ ਘਰਾਂ ‘ਤੇ ਹਮਲੇ ਕੀਤੇ ਗਏ। ਚਸ਼ਮਾ ਹਿੱਲ 'ਚ ਸਾਬਕਾ ਸਿੱਖਿਆ ਮੰਤਰੀ ਮੋਹਿਬੁਲ ਹਸਨ ਚੌਧਰੀ ਨੌਫ਼ਲ ਦਾ ਘਰ ਅਤੇ ਉੱਤਰਾ 'ਚ ਸਾਬਕਾ ਸੰਸਦ ਮੈਂਬਰ ਹਬੀਬ ਹਸਨ ਦੇ ਭਰਾ ਦਾ ਘਰ ਵੀ ਨਿਸ਼ਾਨਾ ਬਣੇ।

ਹਿੰਸਕ ਭੀੜ ਨੇ ਢਾਕਾ ਦੇ ਕਾਰਵਾਂ ਬਾਜ਼ਾਰ ਇਲਾਕੇ 'ਚ ਅਖ਼ਬਾਰ ‘ਦ ਡੇਲੀ ਸਟਾਰ’ ਅਤੇ ‘ਪ੍ਰੋਥੋਮ ਆਲੋ’ ਦੇ ਦਫ਼ਤਰਾਂ 'ਚ ਭੰਨ-ਤੋੜ ਕਰਕੇ ਅੱਗ ਲਗਾ ਦਿੱਤੀ। ਪ੍ਰੋਥੋਮ ਆਲੋ ਦੀ ਇਮਾਰਤ ਦੀਆਂ ਕਈ ਮੰਜ਼ਿਲਾਂ 'ਚ ਭੰਨ-ਤੋੜ ਕਰਕੇ ਫਰਨੀਚਰ, ਦਸਤਾਵੇਜ਼ ਅਤੇ ਸਾਜ਼ੋ-ਸਮਾਨ ਸੜਕਾਂ ‘ਤੇ ਸੁੱਟ ਕੇ ਅੱਗ ਲਗਾਈ ਗਈ। ਡੇਲੀ ਸਟਾਰ ਦੇ ਦਫ਼ਤਰ 'ਚ ਹਾਲਾਤ ਬਹੁਤ ਗੰਭੀਰ ਬਣ ਗਏ, ਜਿੱਥੇ ਸੰਘਣੇ ਧੂੰਏਂ ਕਾਰਨ ਘੱਟੋ-ਘੱਟ 20 ਪੱਤਰਕਾਰ ਅਤੇ ਸਟਾਫ਼ ਮੈਂਬਰ ਛੱਤ ‘ਤੇ ਫਸ ਗਏ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਕਾਫ਼ੀ ਮਿਹਨਤ ਕਰਨੀ ਪਈ ਅਤੇ ਭੀੜ ਨੂੰ ਕਾਬੂ ਕਰਨ ਲਈ ਫੌਜ ਤਾਇਨਾਤ ਕੀਤੀ ਗਈ। ਤੇਜ਼ਗਾਂਵ ਸਟੇਸ਼ਨ ਦੀ ਅੱਗ-ਬੁਝਾਉ ਇਕਾਈ ਨੇ ਰਾਤ ਕਰੀਬ 1:40 ਵਜੇ ਅੱਗ ‘ਤੇ ਕਾਬੂ ਪਾਇਆ। ਉੱਪ-ਸੰਪਾਦਕ ਸੁਬਰਤ ਰਾਏ ਨੇ ਕਿਹਾ ਕਿ ਅੰਦਰ ਧੂੰਆਂ ਇੰਨਾ ਜ਼ਿਆਦਾ ਸੀ ਕਿ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਸੀ। ਰਿਪੋਰਟਰ ਅਬਦੁੱਲਾ ਐਮ.ਡੀ. ਅੱਬਾਸ ਨੇ ਸੋਸ਼ਲ ਮੀਡੀਆ ‘ਤੇ ਮਦਦ ਦੀ ਅਪੀਲ ਵੀ ਕੀਤੀ।

ਬਾਅਦ 'ਚ ਫੌਜ ਨੇ ਇਲਾਕੇ ਨੂੰ ਸੁਰੱਖਿਅਤ ਕਰਕੇ ਬਚਾਅ ਕਾਰਵਾਈ 'ਚ ਮਦਦ ਕੀਤੀ। ਅਧਿਕਾਰੀਆਂ ਵੱਲੋਂ ਹੁਣ ਤੱਕ ਇਨ੍ਹਾਂ ਘਟਨਾਵਾਂ ਬਾਰੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਅਤੇ ਨਾ ਹੀ ਇਹ ਸਪੱਸ਼ਟ ਹੈ ਕਿ ਕੋਈ ਗ੍ਰਿਫ਼ਤਾਰੀ ਹੋਈ ਹੈ ਜਾਂ ਨਹੀਂ। ਇਨ੍ਹਾਂ ਹਿੰਸਕ ਘਟਨਾਵਾਂ ਨਾਲ ਬੰਗਲਾਦੇਸ਼ 'ਚ ਸੁਰੱਖਿਆ ਹਾਲਾਤ ਅਤੇ ਡਿਪਲੋਮੈਟ ਮਿਸ਼ਨਾਂ, ਪੱਤਰਕਾਰਾਂ ਅਤੇ ਨਾਗਰਿਕ ਸਮਾਜ ਸੰਸਥਾਵਾਂ ਦੀ ਸੁਰੱਖਿਆ ਨੂੰ ਲੈ ਕੇ ਦੇਸ਼-ਵਿਦੇਸ਼ 'ਚ ਚਿੰਤਾ ਵਧ ਗਈ ਹੈ।


author

DIsha

Content Editor

Related News