ਮੈਸੀ ਦੇ ''GOAT ਟੂਰ 2025'' ਦੌਰਾਨ ਹੋਏ ਹੰਗਾਮੇ ਮਗਰੋਂ ਪੱਛਮੀ ਬੰਗਾਲ ਦੇ ਖੇਡ ਮੰਤਰੀ ਨੇ ਦਿੱਤਾ ਅਸਤੀਫ਼ਾ
Wednesday, Dec 17, 2025 - 09:31 AM (IST)
ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੇ ਖੇਡ ਤੇ ਯੁਵਾ ਸੇਵਾ ਵਿਕਾਸ ਮੰਤਰੀ ਅਰੂਪ ਬਿਸਵਾਸ ਨੇ ਸ਼ਨੀਵਾਰ ਨੂੰ ਫੁੱਟਬਾਲ ਖਿਡਾਰੀ ਲਿਓਨੇਲ ਮੈਸੀ ਦੇ ਇੰਡੀਆ ਟੂਰ ਈਵੈਂਟ ਦੌਰਾਨ ਇੱਥੇ ਸਾਲਟ ਲੇਕ ਸਟੇਡੀਅਮ ’ਚ ਹੋਈ ਭੰਨ-ਤੋੜ ਦੀ ਸੁਤੰਤਰ ਜਾਂਚ ’ਚ ਮਦਦ ਕਰਨ ਲਈ ਖੇਡ ਮੰਤਰਾਲਾ ਤੋਂ ਮੁਕਤ ਹੋਣ ਦੀ ਇੱਛਾ ਪ੍ਰਗਟ ਕਰਦੇ ਹੋਏ ਮੰਗਲਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਅਸਤੀਫਾ ਸੌਂਪ ਦਿੱਤਾ ਹੈ।
ਉਨ੍ਹਾਂ ਆਪਣੇ ਪੱਤਰ ਵਿਚ ਕਿਹਾ ਕਿ ਉਨ੍ਹਾਂ ਵੱਲੋਂ ਅਹੁਦਾ ਛੱਡਣ ਨਾਲ ਮਾਮਲੇ ਦੀ ਨਿਆਂਇਕ ਜਾਂਚ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਅੱਗੇ ਵਧੇਗੀ। ਦੱਸਣਯੋਗ ਹੈ ਕਿ ਲਿਓਨੇਲ ਮੈਸੀ ਲੁਈਸ ਸੁਆਰੇਜ਼ ਤੇ ਰੋਡਰਿਗੋ ਡੀ ਪਾਲ ਦੇ ਨਾਲ 13 ਦਸੰਬਰ ਨੂੰ ਸਾਲਟ ਲੇਕ ਸਟੇਡੀਅਮ ’ਚ ਪਹੁੰਚੇ ਸਨ। ਇਹ ਪ੍ਰੋਗਰਾਮ ਹਾਲਾਂਕਿ ਬਿਨਾਂ ਕਿਸੇ ਅਧਿਕਾਰਤ ਸਪਸ਼ਟੀਕਰਨ ਦੇ ਅਚਾਨਕ ਖਤਮ ਹੋ ਗਿਆ, ਜਿਸ ਨਾਲ ਹਜ਼ਾਰਾਂ ਸਮਰਥਕ ਨਿਰਾਸ਼ ਹੋ ਗਏ।
ਜਿਨ੍ਹਾਂ ਪ੍ਰਸ਼ੰਸਕਾਂ ਨੇ ਮਹਿੰਗੀਆਂ ਟਿਕਟਾਂ ਖਰੀਦੀਆਂ ਸਨ, ਉਹ ਆਪਣੇ ਮਨਪਸੰਦ ਫੁੱਟਬਾਲ ਆਈਕਨ ਦੀ ਇਕ ਝਲਕ ਵੀ ਨਹੀਂ ਵੇਖ ਸਕੇ। ਉਨ੍ਹਾਂ ਅਰਜਨਟੀਨਾ ਦੇ ਸਟਾਰ ਦੇ ਸਮੇਂ ਤੋਂ ਪਹਿਲਾਂ ਚਲੇ ਜਾਣ ਤੋਂ ਬਾਅਦ ਗੁੱਸੇ ’ਚ ਪ੍ਰਤੀਕਿਰਿਆ ਦਿੱਤੀ। ਸਥਿਤੀ ਉਸ ਵੇਲੇ ਹੋਰ ਵਿਗੜ ਗਈ ਜਦੋਂ ਕੋਲਕਾਤਾ ਦੇ ਸਟੇਡੀਅਮ ਦੇ ਕੁਝ ਹਿੱਸਿਆਂ ’ਚ ਭੰਨ-ਤੋੜ ਕੀਤੀ ਗਈ ਤੇ ਇਸ ਹੰਗਾਮੇ ਮਗਰੋਂ ਪ੍ਰੋਗਰਾਮ ਦੇ ਮੈਨੇਜਰ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ ਹੈ।
