ਜਲੇਸਰ ਦੇ ਹਿੰਦੂ-ਮੁਸਲਮਾਨ ਕਾਰੀਗਰਾਂ ਨੇ ਰਾਮ ਮੰਦਰ ਲਈ ਬਣਾਇਆ 2.1 ਟਨ ਦਾ ਘੰਟਾ
Sunday, Aug 09, 2020 - 10:31 PM (IST)
ਜਲੇਸਰ (ਉੱਤਰ ਪ੍ਰਦੇਸ਼) : ਦਾਉ ਦਿਆਲ 30 ਸਾਲ ਤੋਂ ਜ਼ਿਆਦਾ ਸਮੇਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਘੰਟੀਆਂ ਬਣਾ ਰਹੇ ਹਨ ਪਰ ਇਸ ਵਾਰ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਟੀਮ ਨੇ ਅਯੁੱਧਿਆ ਦੇ ਰਾਮ ਮੰਦਰ ਲਈ 2.1 ਟਨ ਭਾਰ ਵਾਲਾ ਘੰਟਾ ਬਣਾ ਕੇ ਉੱਤਰ ਪ੍ਰਦੇਸ਼ ਦੇ ਜਲੇਸਰ ਨਗਰ 'ਚ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਜਿਸ ਵਿਅਕਤੀ ਨੇ ਇਸ ਦਾ ਡਿਜ਼ਾਈਨ ਤਿਆਰ ਕੀਤਾ ਹੈ ਉਹ ਇੱਕ ਮੁਸਲਮਾਨ ਕਾਰੀਗਰ ਹੈ ਅਤੇ ਉਸ ਦਾ ਨਾਮ ਇਕਬਾਲ ਮਿਸਤਰੀ ਹੈ।
ਇਹ ਘੰਟਾ ਅਸ਼ਟਧਾਤੁ ਭਾਵ ਅੱਠ ਧਾਤਾਂ ਸੋਨਾ, ਚਾਂਦੀ, ਤਾਂਬਾ, ਜਿੰਕ, ਸੀਸਾ, ਟਿਨ, ਲੋਹੇ ਅਤੇ ਪਾਰੇ ਦੇ ਮਿਸ਼ਰਣ ਨਾਲ ਬਣਿਆ ਹੈ। ਏਟਾ ਜ਼ਿਲ੍ਹੇ 'ਚ ਜਲੇਸਰ ਨਗਰ ਪਰਿਸ਼ਦ ਦੇ ਪ੍ਰਮੁੱਖ ਅਤੇ ਘੰਟਾ ਬਣਾਉਣ ਵਾਲੇ ਵਰਕਸ਼ਾਪ ਦੇ ਮਾਲਕ ਵਿਕਾਸ ਮਿੱਤਲ ਨੇ ਕਿਹਾ ਕਿ ਇਸ ਚੀਜ਼, ਜੋ ਭਾਰਤ ਦਾ ਸਭ ਤੋਂ ਵੱਡਾ ਘੰਟਾ ਹੈ, ਨੂੰ ਰਾਮ ਮੰਦਰ ਨੂੰ ਦਾਨ ਕੀਤਾ ਜਾਵੇਗਾ। ਇਸ ਨੂੰ ਬਣਾਉਣ ਲਈ 25 ਕਾਰੀਗਰਾਂ ਦੀ ਇੱਕ ਟੀਮ, ਜਿਸ 'ਚ ਹਿੰਦੂ ਅਤੇ ਮੁਸਲਮਾਨ ਦੋਵੇਂ ਸ਼ਾਮਲ ਸਨ, ਨੇ ਇੱਕ ਮਹੀਨੇ ਤੱਕ ਨਿੱਤ ਅੱਠ ਘੰਟੇ ਕੰਮ ਕੀਤਾ।