ਹਿਮਾਚਲ ਵਿਧਾਨ ਸਭਾ 10 ਦਿਨਾਂ ਦੇ ਮਾਨਸੂਨ ਸੈਸ਼ਨ ਤੋਂ ਬਾਅਦ ਅਣਮਿੱਥੇ ਸਮੇਂ ਲਈ ਮੁਲਤਵੀ
09/18/2020 3:56:21 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਧਾਨ ਸਭਾ 10 ਦਿਨਾਂ ਦੇ ਮਾਨਸੂਨ ਸੈਸ਼ਨ ਤੋਂ ਬਾਅਦ ਅੱਜ ਯਾਨੀ ਸ਼ੁੱਕਰਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਮਾਨਸੂਨ ਸੈਸ਼ਨ 7 ਤੋਂ 18 ਸਤੰਬਰ ਤੱਕ ਚੱਲਿਆ ਅਤੇ ਇਸ ਦੌਰਾਨ ਕੁੱਲ 10 ਬੈਠਕਾਂ ਹੋਈਆਂ। ਸੈਸ਼ਨ ਦੌਰਾਨ ਸਦਨ 'ਚ ਕਈ ਵਾਰ ਸੱਤਾ ਪੱਖ ਅਤੇ ਵਿਰੋਧੀ ਕਾਂਗਰਸ ਮੈਂਬਰਾਂ ਦਰਮਿਆਨ ਤਿੱਖੀ ਬਹਿਸ ਵੀ ਹੋਈ। ਕਾਂਗਰਸ ਨੇ ਕਈ ਵਾਰ ਸਦਨ ਤੋਂ ਬਾਈਕਾਟ ਵੀ ਕੀਤਾ ਪਰ ਕੁੱਲ ਮਿਲਾ ਕੇ ਸਦਨ ਦੀ ਕਾਰਵਾਈ ਸਹੀ ਢੰਗ ਨਾਲ ਚੱਲੀ। ਸੈਸ਼ਨ ਦੀ ਸਮਾਪਤੀ ਤੋਂ ਬਾਅਦ ਵਿਧਾਨ ਸਭਾ ਸਪੀਕਰ ਵਿਪਿਨ ਸਿੰਘ ਪਰਮਾਰ ਨੇ ਦੱਸਿਆ ਕਿ ਸੈਸ਼ਨ 'ਚ ਜਨਹਿੱਤ ਦੇ ਮਹੱਤਵਪੂਰਨ ਵਿਸ਼ਿਆਂ 'ਤੇ ਪ੍ਰਸ਼ਨਾਂ ਅਤੇ ਹੋਰ ਸੂਚਨਾਵਾਂ ਦੇ ਮਾਧਿਅਮ ਨਾਲ ਚਰਚਾ ਹੋਈ ਅਤੇ ਸੁਝਾਅ ਦਿੱਤੇ ਗਏ, ਜਿਨ੍ਹਾਂ ਦੇ ਲੰਬੀ ਮਿਆਦ ਦੇ ਨਤੀਜੇ ਹੋਣਗੇ।
ਉਨ੍ਹਾਂ ਨੇ ਦੱਸਿਆ ਕਿ ਇਤਿਹਾਸ 'ਚ ਪਹਿਲੀ ਵਾਰ ਸੈਸ਼ਨ ਦੌਰਾਨ ਨਿਯਮ 67 ਦੇ ਅਧੀਨ ਚਰਚਾ ਦੀ ਮਨਜ਼ੂਰੀ ਦਿੱਤੀ ਗਈ ਹੈ, ਜੋ 6.25 ਘੰਟੇ ਚੱਲੀ। ਸੈਸ਼ਨ ਦੌਰਾਨ ਕੁੱਲ ਮਿਲਾ ਕੇ 434 ਸਟਾਰਡ ਅਤੇ 223 ਅਸਟਾਰਡ ਪ੍ਰਸ਼ਨਾਂ ਦੇ ਜਵਾਬ ਦਿੱਤੇ ਗਏ। ਸ਼੍ਰੀ ਪਰਮਾਰ ਅਨੁਸਾਰ ਨਿਯਮ-61 ਦੇ ਅਧੀਨ 10 ਵਿਸ਼ਿਆਂ, ਨਿਯਮ-62 ਦੇ ਅਧੀਨ 5 ਵਿਸ਼ਿਆਂ, ਨਿਯਮ-130 'ਚ 2 ਪ੍ਰਸਤਾਵਾਂ 'ਤੇ ਚਰਚਾ ਹੋਈ, ਜਿਨ੍ਹਾਂ 'ਤੇ ਮੈਂਬਰਾਂ ਨੇ ਸਾਰਥਕ ਚਰਚਾ ਕੀਤੀ। ਇਸ ਤੋਂ ਇਲਾਵਾ ਸੈਸ਼ਨ ਦੌਰਾਨ ਸਦਨ 'ਚ 12 ਬਿੱਲ ਵੀ ਪਾਸ ਕੀਤੇ ਗਏ।