ਹਿਮਾਚਲ 'ਚ ਬੱਸ ਹੋਈ ਹਾਦਸੇ ਦਾ ਸ਼ਿਕਾਰ, 26 ਯਾਤਰੀ ਜ਼ਖਮੀ
Tuesday, Jan 22, 2019 - 04:39 PM (IST)

ਬਿਲਾਸਪੁਰ— ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲੇ ਵਿਚ ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਇਕ ਯਾਤਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿਚ 26 ਯਾਤਰੀ ਜ਼ਖਮੀ ਹੋ ਗਏ। ਬਸ ਰੋਡ 'ਤੇ ਫਿਸਲ ਕੇ 50 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ, ਇਹ ਹਾਦਸਾ ਮੰਗਲਵਾਰ ਸਵੇਰੇ ਬਿਲਾਸਪੁਰ ਜ਼ਿਲੇ ਦੇ ਸਵਾਰਘਾਟ ਨੇੜੇ ਵਾਪਰਿਆ। ਜ਼ਖਮੀਆਂ 'ਚੋਂ 18 ਨੂੰ ਸੋਲਨ ਜ਼ਿਲੇ ਦੇ ਨਾਲਾਗੜ੍ਹ ਹਸਪਤਾਲ ਵਿਚ ਭਰਤੀ ਕਰਾਇਆ ਗਿਆ, ਜਦਕਿ 8 ਨੂੰ ਚੰਡੀਗੜ੍ਹ ਪੀ. ਜੀ. ਆਈ. ਲਿਜਾਇਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਇਹ ਪੰਜਾਬ ਦੀ ਇਕ ਪ੍ਰਾਈਵੇਟ ਲਗਜ਼ਰੀ ਬੱਸ ਸੀ। ਬੱਸ ਚੰਡੀਗੜ੍ਹ ਤੋਂ ਮਨਾਲੀ ਵੱਲ ਜਾ ਰਹੀ ਸੀ। ਬੱਸ ਵਿਚ ਕਰੀਬ 40 ਯਾਤਰੀ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਦੀ ਟੀਮ ਘਟਨਾ ਵਾਲੀ ਥਾਂ 'ਤੇ ਪਹੁੰਚੀ। ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਅਤੇ ਬਚਾਅ ਕੰਮ ਚਲਾਇਆ। ਹਾਦਸੇ 'ਚ ਗੰਭੀਰ ਜ਼ਖਮੀਆਂ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ। ਦੱਸਣਯੋਗ ਹੈ ਕਿ ਪਹਾੜੀ ਥਾਂਵਾਂ 'ਤੇ ਲਗਾਤਾਰ ਪੈ ਰਹੀ ਬਰਫਬਾਰੀ ਅਤੇ ਮੈਦਾਨੀ ਖੇਤਰਾਂ 'ਚ ਮੀਂਹ ਕਾਰਨ ਸੜਕਾਂ 'ਤੇ ਫਿਸਲਣ ਵੱਧ ਗਈ ਹੈ। ਜਿਸ ਕਾਰਨ ਹਾਦਸੇ ਵਾਪਰ ਰਹੇ ਹਨ।