ਹਿਮਾਚਲ ਸੈਰ-ਸਪਾਟਾ ਨਿਗਮ ਨੇ ਭੋਜਨ ਦੀ ਹੋਮ ਡਿਲਿਵਰੀ ਸ਼ੁਰੂ ਕੀਤੀ
Tuesday, Jul 21, 2020 - 05:59 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਸੈਰ-ਸਪਾਟਾ ਵਿਕਾਸ ਨਿਗਮ ਨੇ ਆਪਣੇ ਚੁਨਿੰਦਾ ਹੋਟਲਾਂ ਤੋਂ ਭੋਜਨ ਘਰ ਲਿਜਾਉਣ ਅਤੇ ਹੋਮ ਡਿਲਿਵਰੀ ਲਈ ਆਨਲਾਈਨ ਆਰਡਰ ਲੈਣ ਦੀ ਵਿਵਸਥਾ ਸ਼ੁਰੂ ਕੀਤੀ ਹੈ, ਜਿਸ ਨਾਲ ਹੁਣ ਆਮ ਲੋਕ ਆਨਲਾਈਨ ਆਰਡਰ ਕਰ ਕੇ ਆਪਣੇ ਘਰਾਂ 'ਤੇ ਹੀ ਵੱਖ-ਵੱਖ ਤਰ੍ਹਾਂ ਦੇ ਸਵਾਦ, ਸਵੱਛ ਅਤੇ ਸਿਹਤਮੰਦ ਭੋਜਨਾਂ ਦਾ ਆਨੰਦ ਲੈ ਸਕਣਗੇ।
ਨਿਗਮ ਦੀ ਪ੍ਰਬੰਧਕ ਡਾਇਰੈਕਟਰ ਕੁਮੁਦ ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸੇਵਾ ਸ਼ਿਮਲਾ ਦੇ ਪੀਟਰਹਾਫ ਹੋਟਲ, ਗੁਫਾ ਅਤੇ ਆਸ਼ਿਆਨਾ ਰੈਸਟੋਰੈਂਟ, ਹੋਟਲ ਕੁੰਜਮ ਮਨਾਲੀ, ਕੈਫੇ ਮੋਨਾਲ ਕੁੱਲੂ, ਕੈਫੇ ਰਾਵੀ ਵਿਊ ਚੰਬਾ ਅਤੇ ਕੈਫੇ ਸਤਲੁਜ ਰਾਮਪੁਰ 'ਚ ਸ਼ੁਰੂ ਕੀਤੀ ਹੈ। ਇਸ ਸੇਵਾ ਨੂੰ ਚਰਨਬੱਧ ਤਰੀਕੇ ਨਾਲ ਨਿਗਮ ਦੇ ਹੋਰ ਹੋਟਲਾਂ 'ਚ ਵੀ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਆਮ ਲੋਕ ਨਿਗਮ ਦੇ ਇਨ੍ਹਾਂ ਹੋਟਲਾਂ 'ਚ ਆਨਲਾਈਨ ਆਰਡਰ ਕਰ ਸਕਦੇ ਹਨ। ਇਹ ਆਰਡਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤੇ ਜਾ ਸਕਣਗੇ। ਉਨ੍ਹਾਂ ਨੇ ਦੱਸਿਆ ਕਿ ਨਿਗਮ ਦੇ ਕਰਮੀਆਂ ਨੂੰ ਕੋਰੋਨਾ ਦੀ ਰੋਕਥਾਮ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਲਈ ਸਿਖਲਾਈ ਦਿੱਤੀ ਗਈ ਹੈ। ਨਿਗਮ ਦੇ ਸਿਖਿਅਤ ਕੁੱਕਾਂ (ਰਸੋਇਆਂ) ਵਲੋਂ ਸੁਰੱਖਿਅਤ ਅਤੇ ਸਾਫ਼ ਵਾਤਾਵਰਣ 'ਚ ਭੋਜਨ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਨਿਗਮ ਇਸ ਪਹਿਲ ਕਰ ਕੇ ਆਪਣੀਆਂ ਵਪਾਰਕ ਗਤੀਵਿਧੀਆਂ ਬਹਾਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।