ਸ਼ਹੀਦ ਅਮਰੀਕ ਸਿੰਘ ਪੰਜ ਤੱਤਾਂ 'ਚ ਵਿਲੀਨ, ਪੁੱਤ ਨੇ ਦਿੱਤੀ ਮੁੱਖ ਅਗਨੀ, ਹਰ ਅੱਖ ਹੋਈ ਨਮ
Monday, Jan 16, 2023 - 02:34 PM (IST)
ਹਮੀਰਪੁਰ- ਜੰਮੂ-ਕਸ਼ਮੀਰ 'ਚ 6 ਦਿਨ ਪਹਿਲਾਂ ਇਕ ਹਾਦਸੇ ਵਿਚ ਜਾਨ ਗੁਆਉਣ ਵਾਲੇ ਊਨਾ ਜ਼ਿਲ੍ਹੇ ਦੇ ਸ਼ਹੀਦ ਅਮਰੀਕ ਸਿੰਘ ਸੋਮਵਾਰ ਨੂੰ ਪੰਜ ਤੱਤਾਂ ਵਿਚ ਵਿਲੀਨ ਹੋ ਗਏ। ਸ਼ਹੀਦ ਅਮਰੀਕ ਨੂੰ ਉਨ੍ਹਾਂ ਦੇ ਜੱਦੀ ਪਿੰਡ ਗੰਨੂ ਮੰਡਵਾਲ 'ਚ ਸਰਕਾਰੀ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ। 'ਸ਼ਹੀਦ ਅਮਰੀਕ ਸਿੰਘ ਅਮਰ ਰਹੇ' ਦੇ ਨਾਅਰਿਆਂ ਦਰਮਿਆਨ ਉਨ੍ਹਾਂ ਦੇ ਪੁੱਤਰ ਅਭਿਨਵ ਕੁਮਾਰ ਅਤੇ ਉਨ੍ਹਾਂ ਦੇ ਚਾਚਾ ਨੇ ਮੁੱਖ ਅਗਨੀ ਦਿੱਤੀ।
ਇਹ ਵੀ ਪੜ੍ਹੋ- ਜੰਮੂ-ਕਸ਼ਮੀਰ: LoC ਨੇੜੇ ਵਾਪਰਿਆ ਵੱਡਾ ਹਾਦਸਾ, ਡੂੰਘੀ ਖੱਡ 'ਚ ਡਿੱਗਣ ਕਾਰਨ 3 ਜਵਾਨ ਸ਼ਹੀਦ
ਇਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਸ਼ਹੀਦ ਅਮਰੀਕ ਸਿੰਘ ਦੀ ਮ੍ਰਿਤਕ ਦੇਹ ਨੂੰ ਚੰਡੀਗੜ੍ਹ ਤੋਂ ਲਿਆ ਕੇ ਧਾਰਮਿਕ ਰਸਮਾਂ ਲਈ ਉਨ੍ਹਾਂ ਦੇ ਘਰ ਲਿਜਾਇਆ ਗਿਆ। ਭਾਰਤੀ ਫ਼ੌਜ ਦੇ ਜਵਾਨਾਂ ਅਤੇ ਸਥਾਨਕ ਪਿੰਡ ਵਾਸੀਆਂ ਵਲੋਂ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਲਿਜਾਇਆ ਗਿਆ।
ਇਹ ਵੀ ਪੜ੍ਹੋ- J&K: ਫ਼ਰਿਸ਼ਤਾ ਬਣ ਕੇ ਆਏ ਫ਼ੌਜੀ ਜਵਾਨ, ਮੌਤ ਦੇ ਮੂੰਹ 'ਚੋਂ 172 ਮਜ਼ਦੂਰਾਂ ਨੂੰ ਖਿੱਚ ਲਿਆਏ
ਸ਼ਹੀਦ ਅਮਰੀਕ ਸਿੰਘ ਦਾ ਚਿਹਰਾ ਆਖਰੀ ਵਾਰ ਵੇਖਦੇ ਹੀ ਉਨ੍ਹਾਂ ਦੀ ਪਤਨੀ ਅਤੇ ਮਾਂ ਬੇਸੁੱਧ ਹੋ ਗਈਆਂ। ਦੋਹਾਂ ਨੂੰ ਰਿਸ਼ਤੇਦਾਰਾਂ ਅਤੇ ਪਿੰਡ ਦੇ ਲੋਕਾਂ ਨੇ ਹੌਸਲਾ ਦਿੱਤਾ। ਇਸ ਮਗਰੋਂ ਪਰਿਵਾਰ ਵਲੋਂ ਅੰਤਿਮ ਸੰਸਕਾਰ ਕੀਤਾ ਗਿਆ। 14ਵੀਂ ਡੋਗਰਾ ਰੈਜੀਮੈਂਟ ਦੀ ਇਕ ਟੁਕੜੀ ਨੇ ਸ਼ਹੀਦ ਨੂੰ ਸਲਾਮੀ ਦਿੱਤੀ। 4 ਦਿਨਾਂ ਤੱਕ ਖਰਾਬ ਮੌਸਮ ਕਾਰਨ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਹਾਦਸੇ ਵਾਲੀ ਥਾਂ ਤੋਂ ਨਹੀਂ ਲਿਆਂਦਾ ਜਾ ਸਕਿਆ। 6 ਦਿਨ ਬਾਅਦ ਪਰਿਵਾਰ ਕੋਲ ਸ਼ਹੀਦ ਦੀ ਮ੍ਰਿਤਕ ਦੇਹ ਪਹੁੰਚੀ।
ਇਹ ਵੀ ਪੜ੍ਹੋ- ਦਿੱਲੀ ਪੁਲਸ ਦਾ ਖ਼ੁਲਾਸਾ, ਹਿੰਦੂ ਨੇਤਾਵਾਂ 'ਤੇ ਹਮਲੇ ਦੀ ਫ਼ਿਰਾਕ 'ਚ ਸਨ ਗ੍ਰਿਫ਼ਤਾਰ ਹੋਏ ਅੱਤਵਾਦੀ ਜਗਜੀਤ ਤੇ ਨੌਸ਼ਾਦ
ਦੱਸਣਯੋਗ ਹੈ ਕਿ 39 ਸਾਲਾ ਅਮਰੀਕ ਸਿੰਘ ਬੀਤੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਵਾਪਰੇ ਹਾਦਸੇ ਵਿਚ ਸ਼ਹੀਦ ਹੋ ਗਏ ਸਨ। ਅਮਰੀਕ 2001 ਵਿਚ ਫ਼ੌਜ ਵਿਚ ਭਰਤੀ ਹੋਏ ਸਨ। ਉਹ ਜੰਮੂ-ਕਸ਼ਮੀਰ ਦੇ ਮਾਛਿਲ ਸੈਕਟਰ 'ਚ ਤਾਇਨਾਤ ਸਨ।