ਹਿਮਾਚਲ ਦੇ ਸਰਕਾਰੀ ਕਾਮਿਆਂ ਨੂੰ ਵੱਡਾ ਤੋਹਫ਼ਾ, 3 ਫ਼ੀਸਦੀ ਮਹਿੰਗਾਈ ਭੱਤੇ ਦਾ ਐਲਾਨ

Thursday, Feb 10, 2022 - 05:19 PM (IST)

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸਰਕਾਰੀ ਕਾਮਿਆਂ ਨੂੰ 3 ਫ਼ੀਸਦੀ ਵਾਧੂ ਮਹਿੰਗਾਈ ਭੱਤਾ ਦੇਣ ਦਾ ਵੀਰਵਾਰ ਯਾਨੀ ਕਿ ਅੱਜ ਐਲਾਨ ਕੀਤਾ। ਇਸ ਨਾਲ ਸੂਬੇ ਦੇ ਸਰਕਾਰੀ ਖਜ਼ਾਨੇ ’ਤੇ 500 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਹੁਣ ਸਰਕਾਰੀ ਕਾਮਿਆਂ ਨੂੰ 3 ਫ਼ੀਸਦੀ ਜ਼ਿਆਦਾ ਮਹਿੰਗਾਈ ਭੱਤਾ ਮਿਲੇਗਾ। ਇਸ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। 3 ਫ਼ੀਸਦੀ ਦਾ ਵਾਧਾ ਕਰ ਕੇ ਮਹਿੰਗਾਈ ਭੱਤਾ 28 ਤੋਂ 31 ਫ਼ੀਸਦੀ ਕਰ ਦਿੱਤਾ ਗਿਆ ਹੈ। ਇਹ 1 ਜੁਲਾਈ 2021 ਤੋਂ ਲਾਗੂ ਮੰਨਿਆ ਜਾਵੇਗਾ। 

ਸੂਬਾ ਸਰਕਾਰ ਦੇ ਸਾਰੇ ਰੈਗੂਲਰ ਕਾਮਿਆਂ ਨੂੰ ਇਸ ਦਾ ਲਾਭ ਮਿਲੇਗਾ। ਇਸ ਨਾਲ ਸੂਬੇ ਦੇ ਕਰੀਬ 2.25 ਲੱਖ ਕਾਮਿਆਂ ਨੂੰ ਲਾਭ ਮਿਲੇਗਾ। ਵਿਭਾਗ ਮੁਤਾਬਕ ਇਸ 3 ਫ਼ੀਸਦੀ ਵਾਧੂ ਮਹਿੰਗਾਈ ਭੱਤੇ ਦਾ ਭੁਗਤਾਨ ਮਾਰਚ ’ਚ ਫਰਵਰੀ ਦੀ ਤਨਖ਼ਾਹ ਵਿਚ ਨਕਦ ਕੀਤਾ ਜਾਵੇਗਾ, ਜਦਕਿ 1 ਜੁਲਾਈ 2021 ਤੋਂ 31 ਜਨਵਰੀ 2022 ਤੱਕ ਕਾਮਿਆਂ ਦੇ ਜੀ. ਪੀ. ਐੱਫ. ਖਾਤੇ ਵਿਚ ਪਾਇਆ ਜਾਵੇਗਾ। ਇਸ ’ਤੇ ਵਿਆਜ਼ 1 ਮਾਰਚ ਤੋਂ ਦਿੱਤਾ ਜਾਵੇਗਾ। 

ਉੱਥੇ ਹੀ ਜੋ ਕਾਮੇ ਇਸ ਦਰਮਿਆਨ ਸੇਵਾਮੁਕਤ ਹੋਏ ਜਾਂ ਜਿਨ੍ਹਾਂ ਨੇ ਜੀ. ਪੀ. ਐੱਫ. ਖਾਤਾ ਬੰਦ ਕਰ ਦਿੱਤਾ ਹੈ, ਉਨ੍ਹਾਂ ਨੂੰ ਮਹਿੰਗਾਈ ਭੱਤੇ ਦਾ ਬਕਾਇਆ 1 ਜੁਲਾਈ 2021 ਤੋਂ ਲੈ ਕੇ ਮਾਰਚ ’ਚ ਫਰਵਰੀ ਦੀ ਤਨਖ਼ਾਹ ਵਿਚ ਨਕਦ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸੂਬਾਈ ਸਰਕਾਰ ਨੇ ਕਲਿਆਣਕਾਰੀ ਯੋਜਨਾਵਾਂ ਅਤੇ ਪੈਨਸ਼ਨ ਦਾ ਫਾਇਦਾ ਲੈਣ ਲਈ ਸਾਲਾਨਾ ਆਮਦਨ ਦੀ ਸੀਮਾ ਨੂੰ ਵੀ 35,000 ਰੁਪਏ ਤੋਂ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਮਹਿੰਗਾਈ ਭੱਤੇ ’ਚ ਇਸ 3 ਫ਼ੀਸਦੀ ਦੇ ਵਾਧੇ ਨਾਲ ਸਰਕਾਰੀ ਕਾਮਿਆਂ ਦੀ ਤਨਖ਼ਾਹ ’ਚ 20 ਹਜ਼ਾਰ ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ। 


Tanu

Content Editor

Related News