ਹਿਮਾਚਲ ’ਚ ਚੋਣਾਂ ਤੋਂ ਪਹਿਲਾਂ ਕੈਬਨਿਟ ’ਚ ਫੇਰਬਦਲ ਦੀ ਤਿਆਰੀ, CM ਜੈਰਾਮ ਨੇ ਦਿੱਤੇ ਸੰਕੇਤ

Monday, Dec 27, 2021 - 12:53 PM (IST)

ਹਿਮਾਚਲ ’ਚ ਚੋਣਾਂ ਤੋਂ ਪਹਿਲਾਂ ਕੈਬਨਿਟ ’ਚ ਫੇਰਬਦਲ ਦੀ ਤਿਆਰੀ, CM ਜੈਰਾਮ ਨੇ ਦਿੱਤੇ ਸੰਕੇਤ

ਸ਼ਿਮਲਾ— ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਸਰਕਾਰ ਦੇ ਸੱਤਾ ’ਚ 4 ਸਾਲ ਪੂਰੇ ਕਰਨ ਨਾਲ ਹੀ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੰਕੇਤ ਦਿੱਤੇ ਹਨ ਕਿ ਉਹ ਜਲਦ ਹੀ ਕੈਬਨਿਟ ’ਚ ਫੇਰਬਦਲ ਕਰ ਸਕਦੇ ਹਨ। ਮੁੱਖ ਮੰਤਰੀ ਦਾ ਇਹ ਕਦਮ ਹਾਲ ਹੀ ਵਿਚ ਸੰਪੰਨ ਹੋਈਆਂ ਜ਼ਿਮਨੀ ਚੋਣਾਂ ਵਿਚ ਮਿਲੀ ਕਰਾਰੀ ਹਾਰ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਕੰਮਕਾਜ ’ਚ ਸੁਧਾਰ ਨੂੰ ਵੇਖਦੇ ਹੋਏ ਮੰਨਿਆ ਜਾ ਰਿਹਾ ਹੈ। 

ਦੱਸ ਦੇਈਏ ਕਿ ਹਾਲ ਹੀ ਵਿਚ ਲੋਕ ਸਭਾ ਅਤੇ 3 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ’ਚ ਵਿਰੋਧੀ ਧਿਰ ਕਾਂਗਰਸ ਨੇ ਉਨ੍ਹਾਂ ਦੀ ਪਾਰਟੀ ਦਾ 4-0 ਨਾਲ ਸਫਾਇਆ ਕਰ ਦਿੱਤਾ ਸੀ। ‘ਦਿ ਟ੍ਰਿਬਿਊਨਲ’ ਨੂੰ ਦਿੱਤੇ ਗਏ ਇੰਟਰਵਿਊ ਵਿਚ ਜੈਰਾਮ ਨੇ ਕਿਹਾ ਕਿ ਸਰਕਾਰ ਦੇ ਨਾਲ-ਨਾਲ ਭਾਜਪਾ ਦੇ ਸੰਗਠਨਾਤਮਕ ਢਾਂਚੇ ’ਚ ਬਦਲਾਅ ਦੀ ਜ਼ਰੂਰਤ ਨੂੰ ਸਵੀਕਾਰ ਕਰਦਾ ਹਾਂ। ਜ਼ਿਮਨੀ ਚੋਣਾਂ ਵਿਚ ਹਾਰ ਤੋਂ ਬਾਅਦ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਦੀ ਰਣਨੀਤੀ ’ਤੇ ਗੱਲ ਕਰਦਿਆਂ ਜੈਰਾਮ ਨੇ ਕਿਹਾ ਕਿ ਹਾਰ ਦੇ ਜੋ ਵੀ ਕਾਰਨ ਹੋਣ, ਜਿੱਤ ਅਖ਼ੀਰ ਵਿਚ ਮਾਇਨੇ ਰੱਖਦੀ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜ਼ਿਮਨੀ ਚੋਣਾਂ ਦੀ ਹਾਰ ਅੱਖਾਂ ਖੋਲ੍ਹਣ ਵਾਲੀ ਹੈ। ਹਾਲਾਂਕਿ ਮੁੱਖ ਮੰਤਰੀ ਨੇ ਕਿਹਾ ਕਿ ਹਿਮਾਚਲ ’ਚ ਭਾਜਪਾ ਸਰਕਾਰ ਨੇ ਕਈ ਸਿਹਤ, ਆਵਾਸ ਅਤੇ ਸਮਾਜਿਕ ਕਲਿਆਣ ਯੋਜਨਾਵਾਂ ਸ਼ੁਰੂ ਕਰ ਕੇ ਆਮ ਆਦਮੀ ਨੂੰ ਮਦਦ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ।

ਅਗਲੀਆਂ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਸ਼ਾਸਨ ਦੇ ਆਖ਼ਰੀ ਸਾਲ ’ਚ ਆਪਣੀ ਸਰਕਾਰ ਦੇ ਟੀਚਿਆਂ ਬਾਰੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਹਵਾਈ, ਰੇਲ ਅਤੇ ਸੜਕ ਸੰਪਰਕ ’ਚ ਸੁਧਾਰ ਕਰ ਕੇ ਸੈਰ-ਸਪਾਟਾ ਨੂੰ ਉਤਸ਼ਾਹਤ ਕਰਨਾ ਹੈ। ਰੋਹਤਾਂਗ ਅਟਲ ਸੁਰੰਗ ’ਤੇ ਸੈਰ-ਸਪਾਟਾ ਬੁਨਿਆਦੀ ਢਾਂਚਾ ਤਿਆਰ ਕਰਨਾ ਤਰਜੀਹ ਰਹੇਗੀ।


author

Tanu

Content Editor

Related News