ਹਿਮਾਚਲ ਦੇ ਸੀ. ਐੱਮ. ਦਾ 'ਡਰੀਮ ਪ੍ਰਾਜੈਕਟ', ਮੰਡੀ 'ਚ ਬਣੇਗਾ ਕੌਮਾਂਤਰੀ ਹਵਾਈ ਅੱਡਾ

11/30/2019 1:25:57 PM

ਮੰਡੀ— ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਛੇਤੀ ਹੀ ਕੌਮਾਂਤਰੀ ਹਵਾਈ ਅੱਡਾ ਬਣੇਗਾ। ਇਸ ਦਾ ਨਿਰਮਾਣ ਦੋ ਪੜਾਵਾਂ ਵਿਚ ਹੋਵੇਗਾ। ਪਹਿਲੇ ਪੜਾਅ 'ਚ 2400 ਮੀਟਰ ਲੰਬਾ ਰਨਵੇਅ ਬਣਾਇਆ ਜਾਵੇਗਾ। ਇਸ 'ਤੇ ਕੁੱਲ ਖਰਚ 2000 ਕਰੋੜ ਰੁਪਏ ਆਵੇਗਾ। ਜਿੱਥੇ ਇਸ ਦਾ ਨਿਰਮਾਣ ਹੋਣਾ ਹੈ, ਉਸ ਥਾਂ ਦੇ ਨਿਰੀਖਣ ਲਈ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੀ ਟੀਮ ਅਗਲੇ ਹਫਤੇ ਮੰਡੀ ਆਵੇਗੀ। ਇਸ ਦੀ ਰਿਪੋਰਟ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੂੰ ਸੌਂਪੀ ਜਾਵੇਗੀ। ਮੁੱਖ ਮੰਤਰੀ ਜੈਰਾਮ ਠਾਕੁਰ ਦਾ ਇਹ ਡਰੀਮ ਪ੍ਰਾਜੈਕਟ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਇਸ ਮਸਲੇ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਚੁੱਕ ਰਹੇ ਹਨ। ਇਹ ਹਿਮਾਚਲ ਪ੍ਰਦੇਸ਼ ਦਾ ਸਭ ਤੋਂ ਵੱਡਾ ਹਵਾਈ ਅੱਡਾ ਹੋਵੇਗਾ। ਪ੍ਰਦੇਸ਼ ਵਿਚ ਸੈਲਾਨੀਆਂ ਦੀ ਨਜ਼ਰ ਤੋਂ ਇਸ ਹਵਾਈ ਅੱਡੇ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸ਼ਿਮਲਾ ਅਤੇ ਧਰਮਸ਼ਾਲਾ ਦੀ ਦੂਰੀ ਇਸ ਹਵਾਈ ਅੱਡੇ ਤੋਂ ਲੱਗਭਗ ਇਕ ਬਰਾਬਰ ਹੈ।  

PunjabKesari

ਇਹ ਹਵਾਈ ਅੱਡਾ ਮੰਡੀ ਜ਼ਿਲੇ ਦੇ ਬਲਹ ਘਾਟੀ 'ਚ ਬਣਾਏ ਜਾਣ ਦਾ ਪ੍ਰਸਤਾਵ ਹੈ। ਇਸ ਲਈ 3400 ਬੀਘਾ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਇਸ ਵਿਚ ਜ਼ਿਆਦਾਤਰ ਜ਼ਮੀਨ ਪ੍ਰਾਈਵੇਟ ਲੈਂਡ ਹੈ। ਸੂਬਾ ਸਰਕਾਰ ਮੁਤਾਬਕ ਪ੍ਰਾਈਵੇਟ ਲੈਂਡ ਜ਼ਿਆਦਾ ਹੋਣ ਕਾਰਨ ਘੱਟ ਤੋਂ ਘੱਟ 2 ਸਾਲ ਦਾ ਸਮਾਂ ਇਸ ਨੂੰ ਐਕਵਾਇਰ ਕਰਨ ਵਿਚ ਲੱਗ ਜਾਵੇਗਾ। ਇਸ ਹਵਾਈ ਅੱਡੇ ਦੇ ਬਣ ਜਾਣ ਨਾਲ ਸੈਲਾਨੀਆਂ ਨੂੰ ਫਾਇਦਾ ਮਿਲੇਗਾ। ਹਵਾਈ ਅੱਡਾ ਬਣ ਜਾਣ ਤੋਂ ਬਾਅਦ ਇਸ ਨਾਲ ਸਥਾਨਕ ਲੋਕਾਂ ਨੂੰ ਵੀ ਰੋਜ਼ਗਾਰ ਮਿਲੇਗਾ। ਹਵਾਈ ਅੱਡਾ ਬਣਨ ਤੋਂ ਬਾਅਦ ਆਈ. ਐੱਲ. ਐੱਸ. ਯਾਨੀ ਇੰਸਟਰੂਮੈਂਟ ਲੈਂਡਿੰਗ ਸਿਸਟਮ ਲਗਾਇਆ ਜਾਵੇਗਾ। ਬਲਹ ਵਿਚ ਧੁੰਦ ਜ਼ਿਆਦਾ ਹੁੰਦੀ ਹੈ। ਇਸ ਹਵਾਈ ਅੱਡੇ 'ਤੇ ਹੋਣ ਵਾਲਾ ਸਾਰਾ ਖਰਚ ਕੇਂਦਰ ਸਰਕਾਰ ਕਰੇਗੀ।


Tanu

Content Editor

Related News