ਵਾਰਾਣਸੀ ਹਵਾਈ ਅੱਡਾ ਕਾਸ਼ੀ ਸਮੇਤ ਪੂਰੇ ਸੂਬੇ ਦੇ ਵਿਕਾਸ ਨੂੰ ਨਵੀਂ ਉਚਾਈ ਪ੍ਰਦਾਨ ਕਰੇਗਾ : CM ਯੋਗੀ
Thursday, Jun 20, 2024 - 12:00 PM (IST)
ਲਖਨਊ- ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵਾਰਾਣਸੀ ਦੇ ਲਾਲ ਬਹਾਦਰ ਸ਼ਾਸਤਰੀ ਕੌਮਾਂਤਰੀ ਹਵਾਈ ਅੱਡੇ ਦੇ ਵਿਕਾਸ ਨੂੰ ਲੈ ਕੇ ਕੇਂਦਰੀ ਕੈਬਨਿਟ ਦੇ ਫ਼ੈਸਲੇ ਦਾ ਸੁਆਗਤ ਕੀਤਾ ਹੈ। ਮੁੱਖ ਮੰਤਰੀ ਯੋਗੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਵਲੋਂ ਵਾਰਾਣਸੀ ਸਥਿਤ ਲਾਲ ਬਹਾਦੁਰ ਸ਼ਾਸਤਰੀ ਕੌਮਾਂਤਰੀ ਹਵਾਈ ਅੱਡੇ ਨੂੰ ਵਿਕਸਿਤ ਕਰਨ ਲਈ ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। 2,869.65 ਕਰੋੜ ਰੁਪਏ ਦੀ ਲਾਗਤ ਨਾਲ ਇਸ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵਿਕਾਸ ਕਾਸ਼ੀ ਸਮੇਤ ਪੂਰੇ ਉੱਤਰ ਪ੍ਰਦੇਸ਼ ਦੇ ਵਿਕਾਸ ਨੂੰ ਨਵੀਂ ਉਚਾਈ ਪ੍ਰਦਾਨ ਕਰੇਗਾ।
ਇਕ ਸਰਕਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਵਾਰਾਣਸੀ ਸਥਿਤ ਲਾਲ ਬਹਾਦੁਰ ਸ਼ਾਸਤਰੀ ਕੌਮਾਂਤਰੀ ਹਵਾਈ ਅੱਡੇ ਨੂੰ ਵਿਕਸਿਤ ਕਰਨ ਲਈ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ. ਏ. ਆਈ) ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿਚ ਨਵੀਆਂ ਟਰਮੀਨਲ ਇਮਾਰਤਾਂ, ਪਾਰਕਿੰਗ ਦਾ ਵਿਸਥਾਰ, ਰਨਵੇਅ ਦਾ ਵਿਸਥਾਰ, ਸਮਾਨਾਂਤਰ ਟੈਕਸੀਵੇਅ ਅਤੇ ਹੋਰ ਸਬੰਧਤ ਕੰਮ ਵੀ ਸ਼ਾਮਲ ਹਨ। ਹਵਾਈ ਅੱਡੇ 'ਤੇ ਮੌਜੂਦਾ 39 ਲੱਖ ਯਾਤਰੀਆਂ ਦੀ ਸਮਰੱਥਾ ਨੂੰ ਵਧਾ ਕੇ 99 ਲੱਖ ਯਾਤਰੀ ਪ੍ਰਤੀ ਸਾਲ ਕਰਨ ਲਈ ਅਨੁਮਾਨਿਤ ਵਿੱਤੀ ਖਰਚਾ 2869.65 ਕਰੋੜ ਰੁਪਏ ਹੋਵੇਗਾ।
ਨਵੀਂ ਟਰਮੀਨਲ ਇਮਾਰਤ 75,000 ਵਰਗ ਮੀਟਰ ਵਿਚ ਫੈਲੀ ਹੋਈ ਹੈ। ਇਸ ਨੂੰ 6 MPPA ਦੀ ਸਮਰੱਥਾ ਅਤੇ ਪੀਕ ਘੰਟਿਆਂ ਦੌਰਾਨ 5,000 ਯਾਤਰੀਆਂ (PHP) ਦੀ ਵਾਜਬ ਸਮਰੱਥਾ ਨਾਲ ਤਿਆਰ ਕੀਤਾ ਗਿਆ ਹੈ। ਇਹ ਸ਼ਹਿਰ ਦੀ ਵਿਸ਼ਾਲ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ।