ਹਿਮਾਚਲ ਨੂੰ 2025 ਤੱਕ ਪਹਿਲਾ ਗ੍ਰੀਨ ਸੂਬਾ ਬਣਾਉਣ ਦਾ ਟੀਚਾ, ਸਥਾਪਤ ਕੀਤੇ ਜਾਣਗੇ ਸੂਰਜੀ ਪ੍ਰਾਜੈਕਟ
Saturday, Jan 21, 2023 - 11:34 AM (IST)

ਸ਼ਿਮਲਾ (ਰਾਜੇਸ਼)- ਸਾਲ 2023-2024 ਦੀ ਮਿਆਦ ਵਿਚਕਾਰ ਸੂਬੇ ਭਰ ’ਚ 500 ਮੈਗਾਵਾਟ ਸਮਰੱਥਾ ਵਾਲੇ ਸੋਲਰ ਪ੍ਰਾਜੈਕਟ ਸਥਾਪਤ ਕੀਤੇ ਜਾਣਗੇ। ਇਨ੍ਹਾਂ ਪ੍ਰਾਜੈਕਟਾਂ ’ਚ ਘੱਟੋ-ਘੱਟ 200 ਮੈਗਾਵਾਟ ਸਮਰੱਥਾ ਦੇ ਪ੍ਰਾਜੈਕਟ ਊਰਜਾ ਨਿਗਮ ਲਿਮਟਿਡ ਸਥਾਪਤ ਕਰੇਗੀ। ਇਹ ਗੱਲ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਕੱਤਰੇਤ ਵਿਖੇ ਰਾਜ ਬਿਜਲੀ ਬੋਰਡ ਲਿਮਟਿਡ ਨਾਲ ਸਬੰਧਤ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਖੀ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਸਰਕਾਰ ਨੇ ਪਣ-ਬਿਜਲੀ, ਹਾਈਡ੍ਰੋਜਨ ਅਤੇ ਸੂਰਜੀ ਊਰਜਾ ਦੀ ਵਰਤੋਂ ਕਰਨ ਅਤੇ ਹਿਮਾਚਲ ਨੂੰ ਸਾਲ 2025 ਤੱਕ ਦੇਸ਼ ਦਾ ਪਹਿਲਾ ਹਰਿਆ ਭਰਿਆ ਸੂਬਾ ਬਣਾਉਣ ਦਾ ਟੀਚਾ ਮਿੱਥਿਆ ਹੈ। ਇਸ ਕਾਰਨ ਉਦਯੋਗਿਕ ਉਤਪਾਦਾਂ ਨੂੰ ਹਰੇ ਉਤਪਾਦਾਂ ਵਜੋਂ ਬਰਾਮਦ ਵਿਚ ਬਿਹਤਰ ਕੀਮਤ ਅਤੇ ਤਰਜੀਹ ਮਿਲੇਗੀ। ਉਨ੍ਹਾਂ ਨੇ ਰਾਜ ਬਿਜਲੀ ਬੋਰਡ ਲਿਮਟਿਡ, ਹਿਮ ਊਰਜਾ, ਹਿਮਾਚਲ ਪ੍ਰਦੇਸ਼ ਊਰਜਾ ਨਿਗਮ ਲਿਮਟਿਡ ਅਤੇ ਊਰਜਾ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦਿਸ਼ਾ ਵਿਚ ਕੰਮ ਕਰਨ ਅਤੇ ਲੋੜ ਅਨੁਸਾਰ ਨੀਤੀ 'ਚ ਬਦਲਾਅ ਕਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਕਿਹਾ ਕਿ ਹਿਮ ਊਰਜਾ ਵਿਚ ਨਿੱਜੀ ਭਾਗੀਦਾਰੀ ਨਾਲ 150 ਮੈਗਾਵਾਟ ਸਮਰੱਥਾ ਦੇ ਸੋਲਰ ਪ੍ਰਾਜੈਕਟ ਸਥਾਪਤ ਕੀਤੇ ਜਾਣਗੇ ਅਤੇ ਇਨ੍ਹਾਂ ਪ੍ਰਾਜੈਕਟਾਂ ਦੀ ਅਲਾਟਮੈਂਟ 'ਚ ਹਿਮਾਚਲ ਵਾਸੀਆਂ ਨੂੰ ਪਹਿਲ ਦਿੱਤੀ ਜਾਵੇਗੀ। ਇਨ੍ਹਾਂ ਪ੍ਰਾਜੈਕਟਾਂ ਦੀ ਸਮਰੱਥਾ ਰੇਂਜ 250 ਕਿਲੋਵਾਟ ਤੋਂ 1 ਮੈਗਾਵਾਟ ਤੱਕ ਹੋਵੇਗੀ। ਉਨ੍ਹਾਂ ਨੇ ਹਿਮ ਊਰਜਾ ਨੂੰ ਇਕ ਵਿਧੀ ਵਿਕਸਿਤ ਕਰਨ ਦੇ ਨਿਰਦੇਸ਼ ਦਿੱਤੇ, ਜਿਸ 'ਚ ਸੂਬੇ ਨੂੰ ਤਿੰਨ ਮੈਗਾਵਾਟ ਤੋਂ ਵੱਧ ਸਮਰੱਥਾ ਵਾਲੇ ਸੋਲਰ ਪ੍ਰਾਜੈਕਟਾਂ 'ਤੇ ਪ੍ਰਾਪਤ ਰਾਇਲਟੀ ਤੋਂ ਵਿੱਤੀ ਲਾਭ ਮਿਲੇਗਾ।