ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਕੋਰੋਨਾ ਪਾਜ਼ੇਟਿਵ

10/12/2020 2:51:49 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਸਾਈਟ ਟਵਿੱਟਰ 'ਤੇ ਇਸ ਬਾਰੇ ਖ਼ੁਦ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ ਕਿ ਕੁਝ ਦਿਨ ਪਹਿਲਾਂ ਵਾਇਰਸ ਦੇ ਸੰਪਰਕ ਵਿਚ ਆਉਣ ਕਾਰਨ ਮੈਂ ਬੀਤੇ ਹਫ਼ਤੇ ਤੋਂ ਆਪਣੇ ਆਵਾਸ 'ਚ ਇਕਾਂਤਵਾਸ ਸੀ। ਬੀਤੇ ਦੋ ਦਿਨਾਂ ਤੋਂ ਕੋਰੋਨਾ ਦੇ ਕੁਝ ਲੱਛਣ ਆਉਣ ਕਾਰਨ ਅੱਜ ਕੋਰੋਨਾ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਡਾਕਟਰਾਂ ਦੀ ਸਲਾਹ 'ਤੇ ਆਪਣੀ ਸਰਕਾਰੀ ਆਵਾਸ 'ਚ ਹੀ ਇਕਾਂਤਵਾਸ ਹਾਂ।

PunjabKesari

ਜ਼ਿਕਰਯੋਗ ਹੈ ਕਿ ਠਾਕੁਰ ਤੋਂ ਇਲਾਵਾ ਪ੍ਰਦੇਸ਼ ਦੇ ਤਿੰਨ ਕੈਬਨਿਟ ਮੰਤਰੀ ਅਤੇ ਪਾਰਟੀ ਦੇ 6 ਵਿਧਾਇਕਾਂ ਨੂੰ ਕੋਰੋਨਾ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਮੰਤਰੀ ਮਹਿੰਦਰ ਸਿੰਘ ਠਾਕੁਰ, ਊਰਜਾ ਮੰਤਰੀ ਸੁਖਰਾਮ ਚੌਧਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਭਾਰਦਵਾਜ ਹਾਲ ਹੀ 'ਚ  ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪ੍ਰਦੇਸ਼ 'ਚ ਕੋਰੋਨਾ ਨਾਲ ਮੌਤ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ, ਉੱਥੇ ਹੀ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੋਮਵਾਰ ਦੁਪਹਿਰ ਤੱਕ ਦੋ ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਮਰਨ ਵਾਲਿਆਂ ਦਾ ਗਿਣਤੀ ਵੱਧ ਕੇ 245 ਹੋ ਗਈ ਹੈ। ਕੋਰੋਨਾ ਵਾਇਰਸ ਕੇਸਾਂ ਦੀ ਕੁੱਲ ਗਿਣਤੀ 17,414 ਹੋ ਗਈ ਹੈ। ਇਸ ਤੋਂ ਇਲਾਵਾ 2,571 ਸਰਗਰਮ ਕੇਸ ਹਨ ਅਤੇ 14,573 ਲੋਕਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ।

 


Tanu

Content Editor

Related News