ਲਾਵਾਰਿਸ ਲਾਸ਼ਾਂ ਦਾ DNA ਡਾਟਾਬੇਸ ਬਣਾਉਣ ਵਾਲਾ ''ਪਹਿਲਾ ਰਾਜ'' ਬਣਿਆ ਹਿਮਾਚਲ ਪ੍ਰਦੇਸ਼

Tuesday, Apr 18, 2023 - 09:33 AM (IST)

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਅਣਜਾਣ (ਲਾਵਾਰਿਸ) ਲਾਸ਼ਾਂ ਦਾ ਡੀ.ਐੱਨ.ਏ. ਡਾਟਾਬੇਸ ਤਿਆਰ ਕਰਨ ਵਾਲਾ 'ਪਹਿਲਾ ਰਾਜ' ਬਣ ਗਿਆ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਪਿਛਲੇ ਸਾਲ ਅਪ੍ਰੈਲ 'ਚ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਤੱਕ ਅਣਜਾਣ ਲਾਸ਼ਾਂ ਦੇ 150 ਡੀ.ਐੱਨ.ਏ. ਨਮੂਨਿਆਂ ਦੇ ਰਿਕਾਰਡ ਨੂੰ ਡਾਟਾਬੇਸ 'ਚ ਇਕੱਠਾ ਕੀਤਾ ਗਿਆ ਹੈ। ਸਹਾਇਕ ਡਾਇਰੈਕਟਰ ਫੋਰੈਂਸਿਕ ਸੇਵਾ ਡਾਇਰੈਕਟੋਰੇਟ ਜੁੰਗਾ, ਵਿਵੇਕ ਸਹਿਜਪਾਲ ਨੇ ਦੱਸਿਆ ਕਿ ਡਾਟਾਬੇਸ ਲਾਸ਼ਾਂ ਦੀ ਪਛਾਣ 'ਚ ਮਦਦ ਕਰੇਗਾ, ਜਿਸ ਨਾਲ ਪਰਿਵਾਰਾਂ ਨੂੰ ਆਪਣੇ ਪ੍ਰਿਯਜਨਾਂ ਦੀ ਭਾਲ ਕਰਨ 'ਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਵੱਡੀ ਰਾਹਤ ਮਿਲੇਗੀ।

ਉਨ੍ਹਾਂ ਕਿਹਾ ਕਿ ਰਿਸ਼ਤੇਦਾਰਾਂ ਦੇ ਡੀ.ਐੱਨ.ਏ. ਨਮੂਨਿਆਂ ਦਾ ਮਿਲਾਨ ਡੀ.ਐੱਨ.ਏ. ਪ੍ਰੋਫਾਈਲਿੰਗ ਡਾਟਾਬੇਸ 'ਚ ਇਕੱਠੇ ਡਾਟਾ/ਨਮੂਨਿਆਂ ਨਾਲ ਕੀਤੀ ਜਾਵੇਗੀ ਅਤੇ ਸਹੀ ਵੇਰਵਾ ਸਕਿੰਟ ਦੇ ਅੰਦਰ ਉਪਲੱਬਧ ਹੋਵੇਗਾ। ਅਧਿਕਾਰੀ ਨੇ ਕਿਹਾ ਕਿ ਲਾਸ਼ਾਂ ਦੀ ਪਛਾਣ ਤੋਂ ਇਲਾਵਾ ਡੀ.ਐੱਨ.ਏ. ਡਾਟਾਬੇਸ ਗੰਭੀਰ ਅਪਰਾਧਾਂ ਦੀ ਜਾਂਚ, ਆਫ਼ਤ ਪੀੜਤਾਂ ਦੀ ਪਛਾਣ, ਗੁੰਮਸ਼ੁਦਾ ਵਿਅਕਤੀਆਂ ਅਤੇ ਵਾਰ-ਵਾਰ ਅਪਰਾਧ ਕਰਨ ਵਾਲਿਆਂ ਦੀ ਪਛਾਣ 'ਚ ਮਦਦ ਕਰੇਗਾ। ਪੁਲਸ ਰਿਕਾਰਡ ਅਨੁਸਾਰ, ਹਰ ਸਾਲ ਰਾਜ ਦੇ ਵੱਖ-ਵੱਖ ਹਿੱਸਿਆਂ 'ਚ 100 ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਜਾਂਦੀਆਂ ਹਨ, ਜੋ ਦਸਤਾਵੇਜ਼ਾਂ ਜਾਂ ਪਛਾਣ ਯੋਗ ਵਸਤੂਆਂ ਦੀ ਘਾਟ ਕਾਰਨ ਅਣਜਾਣ ਰਹਿੰਦੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਲਾਸ਼ਾਂ ਦੀ ਪਛਾਣ ਨਾਲ ਨਾ ਸਿਰਫ਼ ਪਰਿਵਾਰ ਦੇ ਮੈਂਬਰਾਂ ਨੂੰ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਨ 'ਚ ਮਦਦ ਮਿਲੇਗੀ ਸਗੋਂ ਉਨ੍ਹਾਂ ਮਾਮਲਿਆਂ 'ਚ ਅਪਰਾਧੀ ਨੂੰ ਫੜਨ 'ਚ ਵੀ ਮਦਦ ਮਿਲੇਗੀ, ਜਿੱਥੇ ਅਪਰਾਧ ਕਾਰਨ ਮੌਤ ਹੋਈ ਹੋਵੇਗੀ।


DIsha

Content Editor

Related News