ਔਰਤ ਨੂੰ ਨਗਨ ਕਰ ਕੇ ਘੁਮਾਏ ਜਾਣ ’ਤੇ ਹਾਈ ਕੋਰਟ ਨਾਰਾਜ਼, ਕਿਹਾ- ਕੀ ਅਸੀਂ 17ਵੀਂ ਸਦੀ ਵੱਲ ਪਰਤ ਰਹੇ ਹਾਂ?
Friday, Dec 15, 2023 - 03:53 PM (IST)
ਬੈਂਗਲੁਰੂ (ਭਾਸ਼ਾ)- ਕਰਨਾਟਕ ਹਾਈ ਕੋਰਟ ਨੇ ਬੇਲਗਾਵੀ ਜ਼ਿਲੇ ਦੇ ਇਕ ਪਿੰਡ ਵਿਚ ਇਕ ਔਰਤ ਨੂੰ ਨਗਨ ਕਰ ਕੇ ਘੁਮਾਏ ਜਾਣ ਦੀ ਘਟਨਾ ਨੂੰ ‘ਅਸਾਧਾਰਨ ਮਾਮਲਾ’ ਕਰਾਰ ਦਿੰਦਿਆਂ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਮਾਮਲੇ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਅਦਾਲਤ ਨੇ ਇਹ ਵੀ ਪੁੱਛਿਆ ਕਿ ਕੀ ਅਸੀਂ 21ਵੀਂ ਸਦੀ ਵਿਚ ਜਾ ਰਹੇ ਹਾਂ ਜਾਂ 17ਵੀਂ ਸਦੀ ਵਿਚ ਵਾਪਸ ਪਰਤ ਰਹੇ ਹਾਂ? ਔਰਤ ਦਾ ਮੁੰਡਾ 11 ਦਸੰਬਰ ਦੀ ਤੜਕੇ ਉਸ ਲੜਕੀ ਨੂੰ ਲੈ ਕੇ ਫਰਾਰ ਹੋ ਗਿਆ ਸੀ, ਜਿਸ ਦੀ ਕਿਸੇ ਹੋਰ ਨਾਲ ਮੰਗਣੀ ਹੋਣ ਵਾਲੀ ਸੀ। ਇਸ ਤੋਂ ਬਾਅਦ ਔਰਤ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ, ਉਸਨੂੰ ਨਗਨ ਕਰ ਕੇ ਘੁਮਾਇਆ ਗਿਆ ਅਤੇ ਬਿਜਲੀ ਦੇ ਖੰਭੇ ਨਾਲ ਬੰਨ੍ਹ ਦਿੱਤਾ ਗਿਆ।
ਇਕ ਡਿਵੀਜ਼ਨ ਬੈਂਚ ਨੇ ਬੇਲਗਾਵੀ ਪੁਲਸ ਕਮਿਸ਼ਨਰ ਅਤੇ ਸਹਾਇਕ ਪੁਲਸ ਕਮਿਸ਼ਨਰ (ਏ. ਸੀ. ਪੀ.) ਨੂੰ ਵਾਧੂ ਰਿਪੋਰਟ ਦਾਖ਼ਲ ਕਰਨ ਲਈ 18 ਦਸੰਬਰ ਨੂੰ ਨਿੱਜੀ ਤੌਰ ’ਤੇ ਅਦਾਲਤ ਵਿਚ ਹਾਜ਼ਰ ਹੋਣ ਦਾ ਨਿਰਦੇਸ਼ ਦਿੱਤਾ। ਐਡਵੋਕੇਟ ਜਨਰਲ ਨੇ ਵੀਰਵਾਰ ਨੂੰ ਚੀਫ਼ ਜਸਟਿਸ ਪ੍ਰਸੰਨਾ ਬੀ. ਵਰਾਲੇ ਅਤੇ ਜਸਟਿਸ ਕ੍ਰਿਸ਼ਨਾ ਐੱਸ. ਦੀਕਸ਼ਿਤ ਦੀ ਡਿਵੀਜ਼ਨ ਬੈਂਚ ਅੱਗੇ ਇਸ ਘਟਨਾ ਸਬੰਧੀ ਕੀਤੀ ਗਈ ਕਾਰਵਾਈ ਸਬੰਧੀ ਇਕ ਮੈਮੋਰੰਡਮ ਅਤੇ ਕੁਝ ਦਸਤਾਵੇਜ਼ ਰੱਖੇ। ਬੈਂਚ ਨੇ ਹੁਕਮ ਦਿੱਤਾ ਕਿ ਘੱਟੋ-ਘੱਟ ਅਸੀਂ ਕਹਿ ਸਕਦੇ ਹਾਂ ਕਿ ਘਟਨਾ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ, ਉਸ ਤੋਂ ਅਸੀਂ ਸੰਤੁਸ਼ਟ ਨਹੀਂ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8