ਹੇਮੰਤ ਸੋਰੇਨ ਦੀ ਵੱਡੀ ਗੇਮ, 5 ਚਾਲਾਂ ’ਚ ਫਸ ਗਏ ਵਿਰੋਧੀ
Saturday, Nov 23, 2024 - 08:10 PM (IST)
ਰਾਂਚੀ, (ਏਜੰਸੀਆਂ)- ਝਾਰਖੰਡ ’ਚ ਹੇਮੰਤ ਸੋਰੇਨ ਨੇ ਵੱਡੀ ਗੇਮ ਖੇਡੀ। ਹੁਣ ਇਕ ਵਾਰ ਫਿਰ ਉਨ੍ਹਾਂ ਦੀ ਅਗਵਾਈ ਹੇਠ ਸੂਬੇ ’ਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣੇਗੀ। ਇਸ ਗੱਠਜੋੜ ਦੀ ਜਿੱਤ ਸਿਹਰਾ ਹੇਮੰਤ ਸੋਰੇਨ ਦੀਆਂ 5 ਚਾਲਾਂ ਨੂੰ ਜਾਂਦਾ ਹੈ। ਵਿਰੋਧੀ ਇਨ੍ਹਾਂ ਚਾਲਾਂ ’ਚ ਬੁਰੀ ਤਰ੍ਹਾਂ ਫਸ ਗਏ ਤੇ ਉਨ੍ਹਾਂ ਦੀ ਪੂਰੀ ਖੇਡ ਖਰਾਬ ਹੋ ਗਈ। ਆਓ ਇਸ ਬਾਰੇ ਜਾਣਦੇ ਹਾਂ।
1- ਆਦਿਵਾਸੀਆਂ ਦਾ ਭਰੋਸਾ
ਹੇਮੰਤ ਸੋਰੇਨ ਇਕ ਵਾਰ ਆਦਿਵਾਸੀਆਂ ਦਾ ਭਰੋਸਾ ਜਿੱਤਣ ’ਚ ਸਫਲ ਰਹੇ ਹਨ। ਝਾਰਖੰਡ ਦੀਆਂ ਬਹੁਤ ਸਾਰੀਆਂ ਸੀਟਾਂ ’ਤੇ ਆਦਿਵਾਸੀਆਂ ਦਾ ਦਬਦਬਾ ਹੈ, ਜਿਨ੍ਹਾਂ ’ਚੋਂ ਵਧੇਰੇ ‘ਇੰਡੀਆ’ ਗੱਠਜੋੜ ਦੇ ਹੱਕ ’ਚ ਗਈਆਂ ਹਨ।
ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਆਦਿਵਾਸੀਆਂ ਨੇ ਇਕ ਵਾਰ ਫਿਰ ਹੇਮੰਤ ਸੋਰੇਨ ’ਤੇ ਭਰੋਸਾ ਪ੍ਰਗਟਾਇਆ ਹੈ। ਇਹ ਭਰੋਸਾ ਇੰਨਾ ਮਜ਼ਬੂਤ ਸਾਬਤ ਹੋ ਰਿਹਾ ਹੈ ਕਿ ਚੰਪਾਈ ਸੋਰੇਨ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਵੀ ਵੋਟਰਾਂ ਨੇ ਝਾਰਖੰਡ ਮੁਕਤੀ ਮੋਰਚਾ ਤੇ ਹੇਮੰਤ ਸੋਰੇਨ ਦਾ ਸਾਥ ਨਹੀਂ ਛੱਡਿਆ।
2- 'ਬੇਟੀ-ਮਾਟੀ-ਰੋਟੀ' ਦਾ ਨਾਅਰਾ ਹਿੱਟ
ਹੇਮੰਤ ਸੋਰੇਨ ਨੇ ਭਾਜਪਾ ’ਤੇ ‘ਕੱਟਣ-ਵੱਢਣ’ ਦੀ ਸਿਆਸਤ ਕਰਨ ਦਾ ਦੋਸ਼ ਲਾਇਆ ਸੀ ਤੇ ‘ਬੇਟੀ-ਮਾਟੀ-ਰੋਟੀ’ ਦਾ ਨਾਅਰਾ ਦਿੱਤਾ ਸੀ ਜੋ ਹਿੱਟ ਹੋ ਗਿਆ। ਉਨ੍ਹਾਂ ‘ਬਟੇਂਗੇ ਤੋ ਕਟੇਂਗੇ’ ਅਤੇ ਬੰਗਲਾਦੇਸ਼ੀ ਘੁਸਪੈਠ ਦੇ ਮੁੱਦਿਆਂ ਰਾਹੀਂ ਧਰੁਵੀਕਰਨ ਦੀ ਭਾਜਪਾ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।
ਇਸ ਦਾ ਅਸਰ ਇਹ ਹੋਇਆ ਕਿ ‘ਇੰਡੀਆ’ ਗੱਠਜੋੜ ਮੁਸਲਿਮ ਤੇ ਯਾਦਵ ਵੋਟਾਂ ਨੂੰ ਆਪਣੇ ਵੱਲ ਖਿੱਚਣ ’ਚ ਸਫਲ ਰਿਹਾ। ਨਤੀਜੇ ਵਜੋਂ ਇਸ ਗੱਠਜੋੜ ਨੂੰ ਮੁਸਲਿਮ-ਯਾਦਵ ਤੇ ਆਦਿਵਾਸੀ ਸੀਟਾਂ ’ਤੇ ਬੰਪਰ ਜਿੱਤ ਮਿਲੀ।
3- ਆਦਿਵਾਸੀ ਲੋਕਾਂ ਦੀ ਇੱਜ਼ਤ ਬਾਰੇ ਦਾਅਵਾ ਸਫਲ
ਹੇਮੰਤ ਸੋਰੇਨ ਨੇ ਵਿਰੋਧੀ ਧਿਰ ਦੀ ਰਣਨੀਤੀ ਨੂੰ ਸਮਝਣ ’ਚ ਸਮਾਂ ਬਰਬਾਦ ਨਹੀਂ ਕੀਤਾ। ਜਦੋਂ ਉਨ੍ਹਾਂ ਨੂੰ ਕਥਿਤ ਜ਼ਮੀਨ ਘਪਲੇ ਵਿਚ ਜੇਲ ਭੇਜਿਆ ਗਿਆ ਤਾਂ ਉਨ੍ਹਾਂ ਇਸ ਨੂੰ ਆਦਿਵਾਸੀ ਲੋਕਾਂ ਦੀ ਇੱਜ਼ਤ ਨਾਲ ਜੋੜ ਦਿੱਤਾ।
ਜੇਲ ਤੋਂ ਰਿਹਾਅ ਹੋਣ ਪਿੱਛੋਂ ਉਨ੍ਹਾਂ ਹਰ ਘਰ ’ਚ ਇਹ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਗਰੀਬਾਂ ਦੇ ਆਗੂ ਹੇਮੰਤ ਸੋਰੇਨ ਨੂੰ ਭਾਜਪਾ ਨੇ ਇਕ ਸਾਜ਼ਿਸ਼ ਅਧੀਨ ਜੇਲ ’ਚ ਡੱਕ ਦਿੱਤਾ ਹੈ। ਇਸ ਤੋਂ ਬਾਅਦ ਆਦਿਵਾਸੀ ਵੋਟਰਾਂ ਨੇ ਚੋਣਾਂ ’ਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਦਾ ‘ਇੰਡੀਆ’ ਗੱਠਜੋੜ ਨੂੰ ਫਾਇਦਾ ਹੋਇਆ।
4. ‘ਮਈਆ ਯੋਜਨਾ’ ਦਾ ਵੀ ਚੱਲਿਆ ਜਾਦੂ
ਹੇਮੰਤ ਸੋਰੇਨ ਸਿਆਸਤ ਦੇ ਹੰਢੇ ਹੋਏ ਖਿਡਾਰੀ ਹਨ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਸ ਤਰ੍ਹਾਂ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਣੀ ਹੈ।
ਇਸ ਲਈ ਉਨ੍ਹਾਂ ‘ਮਈਆ ਯੋਜਨਾ’ ਸ਼ੁਰੂ ਕੀਤੀ, ਜਿਸ ਅਧੀਨ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਯੋਜਨਾ ਕਾਰਨ ਹੇਮੰਤ ਸੋਰੇਨ ਨੂੰ ਮਹਿਲਾ ਵੋਟਰਾਂ ਦੀ ਹਮਾਇਤ ਮਿਲੀ ਤੇ ਉਨ੍ਹਾਂ ਸ਼ਾਨਦਾਰ ਜਿੱਤ ਹਾਸਲ ਕੀਤੀ।
5- ਮੁਸੀਬਤ ’ਚ ਨਾਲ ਹੀ ਖੜ੍ਹੀ ਰਹੀ ਪਤਨੀ
ਹੇਮੰਤ ਸੋਰੇਨ ਲਈ ਸਭ ਤੋਂ ਉਸਾਰੂ ਗੱਲ ਇਹ ਹੈ ਕਿ ਉਨ੍ਹਾਂ ਦੀ ਪਤਨੀ ਕਲਪਨਾ ਸੋਰੇਨ ਮੁਸੀਬਤ ’ਚ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੀ।
ਜਦੋਂ ਹੇਮੰਤ ਸੋਰੇਨ ਜੇਲ ਗਏ ਤਾਂ ਚੰਪਈ ਸੋਰੇਨ ਨੂੰ ਮੁੱਖ ਮੰਤਰੀ ਬਣਾਇਆ ਗਿਆ। ਇਸ ਦੌਰਾਨ ਕਲਪਨਾ ਸੋਰੇਨ ਪਾਰਟੀ ਨੂੰ ਮਜ਼ਬੂਤ ਕਰਨ ’ਚ ਲੱਗੀ ਰਹੀ। ਉਨ੍ਹਾਂ ਪਾਰਟੀ ’ਤੇ ਹੇਮੰਤ ਦੀ ਪਕੜ ਨੂੰ ਕਿਸੇ ਵੀ ਤਰ੍ਹਾਂ ਕਮਜ਼ੋਰ ਨਹੀਂ ਹੋਣ ਦਿੱਤਾ । ਨਾਲ ਹੀ ਸੰਗਠਨ ਨੂੰ ਵੀ ਮਜ਼ਬੂਤ ਬਣਾਇਆ। ਨਤੀਜੇ ਵਜੋਂ ਜਦੋਂ ਚੋਣਾਂ ਆਈਆਂ ਤਾਂ ਪਾਰਟੀ ਇਸ ਲਈ ਪੂਰੀ ਤਰ੍ਹਾਂ ਤਿਆਰ ਸੀ।