ਵਿਰੋਧੀ ਧਿਰ ਦਾ ਲੋਕ ਸਭਾ ''ਚ ਹੰਗਾਮਾ, ਕਾਰਵਾਈ ਪੂਰੇ ਦਿਨ ਲਈ ਮੁਲਤਵੀ
Wednesday, Dec 18, 2024 - 03:12 PM (IST)
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਬਾਬਾ ਸਾਹਿਬ ਡਾ. ਭੀਮ ਰਾਵ ਅੰਬੇਡਕਰ ਦੇ ਸੰਦਰਭ 'ਚ ਕੀਤੀ ਗਈ ਟਿੱਪਣੀ ਨੂੰ ਲੈ ਕੇ ਬੁੱਧਵਾਰ ਨੂੰ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਜ਼ੋਰਦਾਰ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਇਕ ਵਾਰ ਮੁਲਤਵੀ ਮਗਰੋਂ 2 ਵਜ ਕੇ 8 ਮਿੰਟ 'ਤੇ ਪੂਰੇ ਦਿਨ ਲਈ ਮੁਲਤਵੀ ਕਰਨੀ ਪਈ। ਸਦਨ ਦੀ ਕਾਰਵਾਈ ਇਕ ਵਾਰ ਮੁਲਤਵੀ ਹੋਣ ਮਗਰੋਂ ਜਿਵੇਂ ਹੀ ਸ਼ੁਰੂ ਹੋਈ, ਕਾਂਗਰਸ ਅਤੇ ਕੁਝ ਹੋਰ ਵਿਰੋਧੀ ਪਾਰਟੀ ਦੇ ਮੈਂਬਰਾਂ ਨੇ ਅੰਬੇਡਕਰ ਬਾਰੇ ਸ਼ਾਹ ਦੀ ਟਿੱਪਣੀ ਨੂੰ ਲੈ ਕੇ ਹੰਗਾਮਾ ਸ਼ੁਰੂ ਕਰ ਦਿੱਤਾ, ਉਨ੍ਹਾਂ ਨੇ ਗ੍ਰਹਿ ਮੰਤਰੀ ਤੋਂ ਮੁਆਫ਼ੀ ਦੀ ਮੰਗ ਕੀਤੀ।
ਰੌਲੇ-ਰੱਪੇ ਦਰਮਿਆਨ ਪ੍ਰੀਜ਼ਾਈਡਿੰਗ ਅਫ਼ਸਰ ਪੀ. ਸੀ. ਮੋਹਨ ਨੇ ਜ਼ਰੂਰੀ ਦਸਤਾਵੇਜ਼ ਮੇਜ਼ 'ਤੇ ਰੱਖਵਾਏ। ਉਸ ਤੋਂ ਬਾਅਦ ਉਨ੍ਹਾਂ ਨੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ 2 ਵਜੇ ਵੀਰਵਾਰ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਅੱਜ ਦੁਪਹਿਰ 11 ਵਜੇ ਵੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਦੇ ਦੋ ਮਿੰਟ ਦੇ ਅੰਦਰ ਹੀ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਦਿੱਤਾ। ਉਨ੍ਹਾਂ ਨੇ 'ਜੈ ਭੀਮ' ਦੇ ਨਾਅਰੇ ਵੀ ਲਾਏ।
ਦੱਸ ਦੇਈਏ ਕਿ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਸੰਵਿਧਾਨ ਦੇ 75 ਸਾਲ ਪੂਰੇ ਹੋਣ 'ਤੇ ਬਹਿਸ ਦੌਰਾਨ ਸਦਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਸੀ ਕਿ ਬੀ. ਆਰ. ਅੰਬੇਡਕਰ ਦਾ ਨਾਂ ਲੈਣਾ ਹੁਣ ‘ਫੈਸ਼ਨ’ ਬਣ ਗਿਆ ਹੈ। ਹੁਣ ਇਹ ਇਕ ਫੈਸ਼ਨ ਬਣ ਗਿਆ ਹੈ- ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ। ਜੇ ਤੁਸੀਂ ਰੱਬ ਦਾ ਇੰਨਾ ਨਾਮ ਲੈ ਲਿਆ ਹੁੰਦਾ, ਤਾਂ ਸੱਤ ਜਨਮਾਂ ਲਈ ਸਵਰਗ ਮਿਲ ਜਾਣਾ ਸੀ।