ਰਾਜ ਸਭਾ ''ਚ ਵਿਰੋਧੀ ਧਿਰ ਦਾ ਹੰਗਾਮਾ, ਬੈਠਕ ਪੂਰੇ ਦਿਨ ਲਈ ਮੁਲਤਵੀ
Monday, Dec 09, 2024 - 03:55 PM (IST)

ਨਵੀਂ ਦਿੱਲੀ- ਰਾਜ ਸਭਾ ਵਿਚ ਸੋਮਵਾਰ ਨੂੰ ਸੱਤਾ ਪੱਖ ਅਤੇ ਵਿਰੋਧੀ ਧਿਰ ਨੇ ਵੱਖ-ਵੱਖ ਮੁੱਦਿਆਂ 'ਤੇ ਭਾਰੀ ਹੰਗਾਮਾ ਕੀਤਾ, ਜਿਸ ਕਾਰਨ ਉੱਚ ਸਦਨ ਦੀ ਕਾਰਵਾਈ ਤਿੰਨ ਵਾਰ ਦੁਪਹਿਰ 3 ਵਜ ਕੇ 10 ਮਿੰਟ 'ਤੇ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਸੱਤਾਧਾਰੀ ਰਾਸ਼ਟਰੀ ਜਨਤਾਂਤਿਰਕ ਗਠਜੋੜ (ਰਾਜਗ) ਦੇ ਮੈਂਬਰਾਂ ਨੇ ਕਾਂਗਰਸ ਅਤੇ ਉਸ ਦੇ ਨੇਤਾਵਾਂ 'ਤੇ ਵਿਦੇਸ਼ੀ ਸੰਗਠਨਾਂ ਅਤੇ ਲੋਕਾਂ ਜ਼ਰੀਏ ਦੇਸ਼ ਦੀ ਸਰਕਾਰ ਅਤੇ ਅਰਥਵਿਵਸਥਾ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਅਤੇ ਇਸ ਮੁੱਦੇ 'ਤੇ ਚਰਚਾ ਕਰਾਉਣ ਦੀ ਮੰਗ ਕੀਤੀ। ਉੱਥੇ ਹੀ ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਧਿਰ ਨੇ ਅਡਾਣੀ ਸਮੂਹ ਨਾਲ ਜੁੜਿਆ ਮੁੱਦਾ ਚੁੱਕਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰ ਦੇ ਕੁਝ ਮੈਂਬਰ ਸਪੀਕਰ ਦੀ ਕੁਰਸੀ ਦੇ ਅੱਗੇ ਆ ਕੇ ਨਾਅਰੇਬਾਜ਼ੀ ਕਰ ਰਹੇ ਸਨ।
ਸਦਨ 'ਚ ਹੰਗਾਮਾ ਜਾਰੀ ਰਹਿਣ 'ਤੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਉਨ੍ਹਾਂ ਨੇ ਸਦਨ ਦੇ ਨੇਤਾ ਜੇ. ਪੀ. ਨੱਡਾ ਅਤੇ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨਾਲ ਉਨ੍ਹਾਂ ਦੇ ਚੈਂਬਰ 'ਚ ਬੈਠਕ ਕੀਤੀ ਹੈ। ਇਸ ਦੌਰਾਨ ਕਈ ਹੋਰ ਸੀਨੀਅਰ ਮੈਂਬਰ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਕੱਲ੍ਹ ਮੰਗਲਵਾਰ ਸਵੇਰੇ ਉਨ੍ਹਾਂ ਦੇ ਕਮਰੇ ਵਿਚ ਇਨ੍ਹਾਂ ਆਗੂਆਂ ਦੀ ਇਕ ਹੋਰ ਮੀਟਿੰਗ ਹੋਵੇਗੀ। ਚੇਅਰਮੈਨ ਨੇ ਮੈਂਬਰਾਂ ਨੂੰ ਆਤਮ ਚਿੰਤਨ ਕਰਨ ਦਾ ਸੱਦਾ ਦਿੱਤਾ ਅਤੇ ਸਦਨ ਨੂੰ ਸੁਚਾਰੂ ਢੰਗ ਨਾਲ ਚੱਲਣ ਦੇਣ ਦੀ ਅਪੀਲ ਕੀਤੀ। ਹਾਲਾਂਕਿ ਸਦਨ 'ਚ ਹੰਗਾਮਾ ਜਾਰੀ ਰਿਹਾ ਅਤੇ ਬਾਅਦ ਦੁਪਹਿਰ ਕਰੀਬ 3.10 ਵਜੇ ਚੇਅਰਮੈਨ ਨੇ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ।