ਵਿਰੋਧੀ ਧਿਰ ਜਸਟਿਸ ਸ਼ੇਖਰ ਯਾਦਵ ਵਿਰੁੱਧ ਲਿਆਏਗੀ ਮਹਾਦੋਸ਼
Wednesday, Dec 11, 2024 - 11:48 PM (IST)
ਨਵੀਂ ਦਿੱਲੀ, (ਭਾਸ਼ਾ)- ਵਿਰੋਧੀ ਪਾਰਟੀਆਂ ਨੇ ਵਾਦ-ਵਿਵਾਦ ਵਾਲੀ ਟਿੱਪਣੀ ਕਰਨ ਲਈ ਇਲਾਹਾਬਾਦ ਹਾਈ ਕੋਰਟ ਦੇ ਮਾਣਯੋਗ ਜੱਜ ਜਸਟਿਸ ਸ਼ੇਖਰ ਯਾਦਵ ਵਿਰੁੱਧ ਮਹਾਦੋਸ਼ ਦਾ ਪ੍ਰਸਤਾਵ ਲਿਆਉਣ ਲਈ ਨੋਟਿਸ ਦੇਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ । ਇਸ ਮੰਤਵ ਲਈ ਸੰਸਦ ਮੈਂਬਰਾਂ ਦੇ ਹਸਤਾਖਰ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਕਾਂਗਰਸ ਦੇ ਸੰਸਦ ਮੈਂਬਰ ਵਿਵੇਕ ਤਨਖਾ ਨੇ ਬੁੱਧਵਾਰ ਕਿਹਾ ਕਿ ਹੁਣ ਤੱਕ ਰਾਜ ਸਭਾ ਦੇ 30 ਤੋਂ ਵੱਧ ਮੈਂਬਰਾਂ ਦੇ ਹਸਤਾਖਰ ਹਾਸਲ ਕੀਤੇ ਜਾ ਚੁੱਕੇ ਹਨ । ਅਸੀਂ ਸੰਸਦ ਦੇ ਇਸੇ ਸੈਸ਼ਨ ’ਚ ਮਹਾਦੋਸ਼ ਲਈ ਨੋਟਿਸ ਦੇਵਾਂਗੇ।
ਜਸਟਿਸ ਯਾਦਵ ਨੇ ਐਤਵਾਰ ਇਲਾਹਾਬਾਦ ਹਾਈ ਕੋਰਟ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇੱਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਵਾਦ-ਵਿਵਾਦ ਵਾਲੀ ਟਿੱਪਣੀ ਕੀਤੀ ਸੀ। ਮਤੇ ਨਾਲ ਜੁੜੇ ਨੋਟਿਸ ਨੂੰ ਲੋਕ ਸਭਾ ਦੇ 100 ਮੈਂਬਰਾਂ ਜਾਂ ਰਾਜ ਸਭਾ ਦੇ 50 ਮੈਂਬਰਾਂ ਵੱਲੋਂ ਭੇਜਿਆ ਜਾਣਾ ਚਾਹੀਦਾ ਹੈ। ਰਾਜ ਸਭਾ ਦੇ ਮੈਂਬਰ ਤੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਮੰਗਲਵਾਰ ਕਿਹਾ ਸੀ ਕਿ ਮਹਾਦੋਸ਼ ਪ੍ਰਸਤਾਵ ਦਾ ਨੋਟਿਸ ਦਿੱਤਾ ਜਾਵੇਗਾ।
ਉਨ੍ਹਾਂ ਪ੍ਰੈੱਸ ਕਾਨਫਰੰਸ ’ਚ ਕਿਹਾ ਸੀ ਕਿ ਜੇ ਕੋਈ ਜੱਜ ਅਜਿਹਾ ਬਿਆਨ ਦਿੰਦਾ ਹੈ ਤਾਂ ਉਹ ਆਪਣੇ ਅਹੁਦੇ ਦੀ ਸਹੁੰ ਦੀ ਉਲੰਘਣਾ ਕਰਦਾ ਹੈ। ਜੇ ਉਹ ਅਹੁਦੇ ਦੀ ਸਹੁੰ ਦੀ ਉਲੰਘਣਾ ਕਰ ਰਿਹਾ ਹੈ ਤਾਂ ਉਸ ਨੂੰ ਉਸ ਕੁਰਸੀ 'ਤੇ ਬੈਠਣ ਦਾ ਕੋਈ ਅਧਿਕਾਰ ਨਹੀਂ ਹੈ।