ਵਿਰੋਧੀ ਧਿਰ ਵੱਲੋਂ ਵਿਜੇ ਚੌਕ ਤੋਂ ਸੰਸਦ ਭਵਨ ਤੱਕ ਮਾਰਚ, ਗ੍ਰਹਿ ਮੰਤਰੀ ਦੇ ਅਸਤੀਫੇ ਦੀ ਕੀਤੀ ਮੰਗ
Saturday, Dec 21, 2024 - 12:02 AM (IST)
ਨਵੀਂ ਦਿੱਲੀ, (ਭਾਸ਼ਾ)- ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਸੰਦਰਭ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤੀ ਗਈ ਅਪਮਾਨਜਨਕ ਟਿੱਪਣੀ ਨੂੰ ਲੈ ਕੇ ਕਾਂਗਰਸ ਤੇ ਵਿਰੋਧੀ ਗੱਠਜੋੜ ‘ਇੰਡੀਆ’ ਦੇ ਕਈ ਸਹਿਯੋਗੀਆਂ ਨੇ ਸ਼ੁੱਕਰਵਾਰ ਵਿਜੇ ਚੌਕ ਤੋਂ ਸੰਸਦ ਭਵਨ ਤੱਕ ਮਾਰਚ ਕੀਤਾ । ਉਨ੍ਹਾਂ ਸ਼ਾਹ ਤੋਂ ਮੁਆਫੀ ਤੇ ਅਸਤੀਫੇ ਦੀ ਮੰਗ ਕੀਤੀ।
ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਬਾਬਾ ਸਾਹਿਬ ਦੀ ਤਸਵੀਰ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ । ਉਨ੍ਹਾਂ ‘ਜੈ ਭੀਮ’, ‘ਅਮਿਤ ਸ਼ਾਹ ਅਸਤੀਫ਼ਾ ਦਿਓ’ ਤੇ ‘ਅਮਿਤ ਸ਼ਾਹ ਮੁਆਫ਼ੀ ਮੰਗੋ’ ਦੇ ਨਾਅਰੇ ਲਾਏ।
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ, ਪਾਰਟੀ ਦੇ ਕਈ ਸੰਸਦ ਮੈਂਬਰ, ਡੀ. ਐੱਮ. ਕੇ. ਦੀ ਸੰਸਦ ਮੈਂਬਰ ਕਣੀਮੋਝੀ, ਰਾਸ਼ਟਰੀ ਜਨਤਾ ਦਲ ਦੀ ਮੀਸਾ ਭਾਰਤੀ, ਝਾਰਖੰਡ ਮੁਕਤੀ ਮੋਰਚਾ ਦੀ ਸੰਸਦ ਮੈਂਬਰ ਮਹੂਆ ਮਾਝੀ ਤੇ ਹੋਰ ਨੇਤਾ ਸ਼ਾਮਲ ਹੋਏ। ਪ੍ਰਿਯੰਕਾ ਨੇ ਦੋਸ਼ ਲਾਇਆ ਕਿ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕੀਤਾ ਗਿਆ ਹੈ। ਦੇਸ਼ ਬਾਬਾ ਸਾਹਿਬ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ।