ਚਾਰਧਾਮ ਯਾਤਰਾ ਦਰਮਿਆਨ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 5 ਸ਼ਰਧਾਲੂਆਂ ਦੀ ਮੌਤ
Thursday, May 08, 2025 - 10:12 AM (IST)

ਦੇਹਰਾਦੂਨ- ਚਾਰਧਾਮ ਯਾਤਰਾ ਦਰਮਿਆਨ ਵੀਰਵਾਰ ਯਾਨੀ ਕਿ ਅੱਜ ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੇ ਗੰਗੋਤਰੀ ਧਾਮ ਸੜਕ 'ਤੇ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ 5 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਦੋ ਲੋਕ ਗੰਭੀਰ ਜ਼ਖ਼ਮੀ ਹੋ ਗਏ। ਪ੍ਰਸ਼ਾਸਨ ਅਤੇ ਰਾਹਤ ਟੀਮਾਂ ਹੈਲੀਕਾਪਟਰ ਹਾਦਸੇ ਵਾਲੀ ਥਾਂ 'ਤੇ ਮੌਜੂਦ ਹਨ। ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਸੂਤਰਾਂ ਮੁਤਾਬਕ ਹੈਲੀਕਾਪਟਰ ਗੰਗਨਾਨੀ ਤੋਂ ਅੱਗੇ ਨਾਗ ਮੰਦਰ ਦੇ ਹੇਠਾਂ ਭਾਗੀਰਥੀ ਨਦੀ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ।
ਮੌਕੇ 'ਤੇ ਪੁਲਸ, ਆਰਮੀ ਫੋਰਸ, ਆਫ਼ਤ ਪ੍ਰਬੰਧਨ QRT, ਟੀਮ 108 ਐਂਬੂਲੈਂਸ ਵਾਹਨ, ਤਹਿਸੀਲਦਾਰ ਭਟਵਾੜੀ ਸਮੇਤ ਮਾਲੀਆ ਟੀਮ ਨੂੰ ਉਕਤ ਜਗ੍ਹਾ 'ਤੇ ਭੇਜਿਆ ਗਿਆ ਹੈ। ਗੰਗਾਨੀ ਤੋਂ ਅੱਗੇ ਨਾਗ ਮੰਦਰ ਦੇ ਹੇਠਾਂ ਭਾਗੀਰਥੀ ਨਦੀ ਨੇੜੇ ਇਹ ਹੈਲੀਕਾਪਟਰ ਹਾਦਸਾ ਹੋਇਆ।
ਹੈਲੀਕਾਪਟਰ ਪ੍ਰਾਈਵੇਟ ਕੰਪਨੀ ਐਰੋ ਟ੍ਰਿੰਕ ਦਾ ਸੀ, ਜਿਸ ਵਿਚ 7 ਲੋਕ ਸਵਾਰ ਸਨ। ਹਾਦਸੇ ਵਿਚ ਦੋ ਯਾਤਰੀ ਜ਼ਖਮੀ ਹੋ ਗਏ ਹਨ। ਜ਼ਿਕਰਯੋਗ ਹੈ ਕਿ ਉੱਤਰਾਖੰਡ ਵਿਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਖਰਾਬ ਚੱਲ ਰਿਹਾ ਹੈ। ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿਚ ਹਨ੍ਹੇਰੀ-ਤੂਫ਼ਾਨ ਦਾ ਅਲਰਟ ਜਾਰੀ ਕੀਤਾ ਹੈ।