ਚੰਦਰਯਾਨ-5 ’ਚ ਵਧੇਰੇ ਭਾਰਾ ਲੈਂਡਰ ਹੋਵੇਗਾ, ਮਿਸ਼ਨ ਦੀ ਮਿਆਦ ਲੰਬੀ ਹੋਵੇਗੀ : ਇਸਰੋ
Thursday, Mar 12, 2026 - 12:16 AM (IST)
ਬੈਂਗਲੁਰੂ, (ਭਾਸ਼ਾ)- ਭਾਰਤ ਚੰਦਰਯਾਨ-4 ਦੇ ਤਹਿਤ ਚੰਦਰਮਾ ਤੋਂ ਨਮੂਨੇ ਇਕੱਠੇ ਕਰ ਕੇ ਉਨ੍ਹਾਂ ਨੂੰ ਧਰਤੀ ’ਤੇ ਵਾਪਸ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ, ਜਦਕਿ ਚੰਦਰਯਾਨ-5 ’ਚ ਲੰਬੀ ਮਿਆਦ ਦੇ ਮਿਸ਼ਨ ਵਾਲਾ ਇਕ ਭਾਰਾ ਲੈਂਡਰ ਸ਼ਾਮਲ ਹੋਵੇਗਾ। ਇਸਰੋ ਦੇ ਪ੍ਰਧਾਨ ਵੀ. ਨਾਰਾਇਣਨ ਨੇ ਬੁੱਧਵਾਰ ਨੂੰ ਇਹ ਕਿਹਾ। ਉਨ੍ਹਾਂ ਨੇ ਇਸਰੋ ਦੇ ਭਵਿੱਖ ਦੇ ਮਿਸ਼ਨਾਂ ਬਾਰੇ ਵੀ ਗੱਲ ਕੀਤੀ, ਜਿਸ ਵਿਚ ਸ਼ੁੱਕਰ ਗ੍ਰਹਿ ਦਾ ਅਧਿਐਨ ਕਰਨ ਵਾਲਾ ਮਿਸ਼ਨ ਅਤੇ ਮੰਗਲ ਗ੍ਰਹਿ ’ਤੇ ਉਤਰਨ ਵਾਲਾ ਮਿਸ਼ਨ ਸ਼ਾਮਲ ਹਨ।
ਉਨ੍ਹਾਂ ਨੇ ਇੱਥੇ ਇਸਰੋ ਦੇ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਜਾਗਰੂਕਤਾ ਸਿਖਲਾਈ (ਸਟਾਰਟ 2026) ਪ੍ਰੋਗਰਾਮ ਦੇ ਚੌਥੇ ਐਡੀਸ਼ਨ ਦੇ ਉਦਘਾਟਨੀ ਸਮਾਰੋਹ ਵਿਚ ਕਿਹਾ ਕਿ ਅਸੀਂ ਚੰਦਰਯਾਨ ਪ੍ਰੋਗਰਾਮ ਨੂੰ ਅੱਗੇ ਵਧਾਉਣ ’ਤੇ ਕੰਮ ਕਰ ਰਹੇ ਹਾਂ।
ਉਨ੍ਹਾਂ ਨੇ ਯਾਦ ਦਿਵਾਇਆ ਕਿ ਚੰਦਰਯਾਨ-3 ਵਿਚ ਲੈਂਡਰ ਦਾ ਮਿਸ਼ਨ ਕਾਲ ਸਿਰਫ਼ 14 ਦਿਨਾਂ ਦਾ ਸੀ। ਨਾਰਾਇਣਨ ਨੇ ਕਿਹਾ ਕਿ ਭਵਿੱਖ ਦੇ ਮਿਸ਼ਨ ਵਿਚ ਅਸੀਂ ਲੱਗਭਗ 100 ਦਿਨਾਂ ਦੇ ਜੀਵਨ ਕਾਲ ਦੀ ਗੱਲ ਕਰ ਰਹੇ ਹਾਂ। ਰੋਵਰ ਦਾ ਵਜ਼ਨ ਵੀ ਵਧੇਰੇ ਹੋਵੇਗਾ। ਚੰਦਰਯਾਨ-3 ਵਿਚ ਲੱਗਭਗ 25 ਕਿਲੋਗ੍ਰਾਮ ਦਾ ਰੋਵਰ ਸੀ, ਜਦਕਿ ਭਵਿੱਖ ਦੇ ਮਿਸ਼ਨ ਵਿਚ ਲੱਗਭਗ 350 ਕਿਲੋਗ੍ਰਾਮ ਦਾ ਰੋਵਰ ਹੋਵੇਗਾ।
