ਹਿਮਾਚਲ ਦੇ 10 ਜ਼ਿਲਿਆਂ ’ਚ ਤੂਫਾਨ, ਮੀਂਹ ਤੇ ਗੜੇ ਪੈਣ ਦੀ ਚਿਤਾਵਨੀ
Monday, May 17, 2021 - 10:50 AM (IST)
ਸ਼ਿਮਲਾ,(ਰਾਜੇਸ਼)– ਮਈ ਦਾ ਅੱਧਾ ਮਹੀਨਾ ਬੀਤ ਚੁੱਕਾ ਹੈ ਪਰ ਹਿਮਾਚਲ ਦੇ ਨਾਲ ਹੀ ਗੁਆਂਢੀ ਸੂਬਿਆਂ ’ਚ ਗਰਮੀ ਦਾ ਜ਼ੋਰ ਅਜੇ ਤੱਕ ਸ਼ੁਰੂ ਨਹੀਂ ਹੋਇਆ। ਮੌਸਮ ਵਿਭਾਗ ਨੇ ਹੁਣ 18 ਤੋਂ 22 ਮਈ ਤੱਕ ਹਿਮਾਚਲ ’ਚ ਮੌਸਮ ਦੇ ਖਰਾਬ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਥੇ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਸੂਬੇ ਦੇ 10 ਜ਼ਿਲਿਆਂ ’ਚ ਤੂਫਾਨ ਆਏਗਾ, ਮੀਂਹ ਪਏਗਾ ਅਤੇ ਗੜੇਮਾਰ ਹੋਵੇਗੀ। ਲਾਹੌਲ ਸਪਿਤੀ ਅਤੇ ਕਿਨੌਰ ਨੂੰ ਛੱਡ ਕੇ ਬਾਕੀ ਦੇ 10 ਜ਼ਿਲਿਆਂ ਲਈ 19 ਅਤੇ 20 ਮਈ ਸਬੰਧੀ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 19 ਤੇ 20 ਮਈ ਨੂੰ ਮੈਦਾਨੀ ਅਤੇ ਦਰਮਿਆਨੇ ਪਹਾੜੀ ਖੇਤਰਾਂ ’ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨ ਦੇ ਆਉਣ ਦੀ ਸੰਭਾਵਨਾ ਪ੍ਰਗਟਾਈ ਹੈ। ਸ਼ਿਮਲਾ, ਚੰਬਾ, ਕੁੱਲੂ, ਸਿਰਮੌਰ ਅਤੇ ਮੰਡੀ ਜ਼ਿਲਿਆਂ ਦੇ ਉੱਚੇ ਇਲਾਕਿਆਂ ’ਚ ਭਾਰੀ ਮੀਂਹ ਪੈਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਮੌਸਮ ਵਿਭਾਗ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਹਿਮਾਚਲ ਦੇ ਵੱਖ-ਵੱਖ ਸ਼ਹਿਰਾਂ ’ਚ 22 ਮਈ ਤੱਕ ਗਰਜ-ਚਮਕ ਨਾਲ ਮੀਂਹ ਪਏਗਾ। ਕਈ ਥਾਈਂ ਆਸਮਾਨੀ ਬਿਜਲੀ ਵੀ ਡਿੱਗ ਸਕਦੀ ਹੈ। ਉੱਚੇ ਇਲਾਕਿਆਂ ’ਚ ਬਰਫ ਪੈਣ ਦੀ ਸੰਭਾਵਨਾ ਹੈ। 19 ਤੇ 20 ਮਈ ਨੂੰ ਲੋਕਾਂ ਨੂੰ ਬੱਚ ਕੇ ਰਹਿਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸੂਬੇ ਦੇ ਵਧੇਰੇ ਸ਼ਹਿਰਾਂ ਵਿਚ ਦੂਰ-ਦੂਰ ਤੱਕ ਭਾਰੀ ਮੀਂਹ ਪੈਣ ਦੀ ਉਮੀਦ ਹੈ।