ਦੋ ਦਿਨ ਮੋਹਲੇਧਾਰ ਮੀਂਹ ਦਾ ਅਲਰਟ; ਸਕੂਲ-ਕਾਲਜ ਬੰਦ, ਟਰੇਨ ਅਤੇ ਹਵਾਈ ਸੇਵਾਵਾਂ ਰਹਿਣਗੀਆਂ ਪ੍ਰਭਾਵਿਤ

Wednesday, Oct 16, 2024 - 10:59 AM (IST)

ਚੇਨਈ- ਅਕਤੂਬਰ ਦਾ ਮਹੀਨਾ ਹੈ ਅਤੇ ਦੇਸ਼ ਦੇ ਕਈ ਸੂਬਿਆਂ ਵਿਚ ਅਜੇ ਮਾਨਸੂਨ ਦੀ ਵਾਪਸੀ ਨਹੀਂ ਹੋਈ ਹੈ। ਕਈ ਥਾਈਂ ਮੀਂਹ ਪੈਣ ਕਾਰਨ ਲੋਕ ਪਰੇਸ਼ਾਨ ਹਨ ਕਿਉਂਕਿ ਮੀਂਹ ਨੇ ਜਨਤਕ ਟਰਾਂਸਪੋਰਟ ਸੇਵਾਵਾਂ 'ਤੇ ਅਸਰ ਪਾਉਣ ਤੋਂ ਇਲਾਵਾ ਆਵਾਜਾਈ 'ਤੇ ਵੀ ਅਸਰ ਪਾਇਆ ਹੈ। ਦਰਅਸਲ ਚੇਨਈ ਅਤੇ ਤਾਮਿਲਨਾਡੂ 'ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਸੂਬਿਆਂ ਦੇ ਕਈ ਇਲਾਕਿਆਂ ਵਿਚ ਲੋਕਾਂ ਨੂੰ ਪਾਣੀ ਭਰ ਜਾਣ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ।

ਬੱਸ, ਟਰੇਨ ਅਤੇ ਹਵਾਈ ਸੇਵਾਵਾਂ ਪ੍ਰਭਾਵਿਤ

ਚੇਨਈ ਵਿਚ ਮੀਂਹ ਮਗਰੋਂ ਕਈ ਘਰੇਲੂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਸੜਕਾਂ 'ਤੇ ਪਾਣੀ ਭਰਿਆ ਹੋਣ ਕਾਰਨ ਲੋਕ ਘਰਾਂ ਵਿਚੋਂ ਬਾਹਰ ਨਹੀਂ ਨਿਕਲ ਰਹੇ, ਜਿਸ ਕਾਰਨ ਹਵਾਈ ਅੱਡੇ 'ਤੇ ਨਹੀਂ ਪਹੁੰਚ ਪਾ ਰਹੇ। ਇਸ ਲੜੀ ਤਹਿਤ ਦੱਖਣੀ ਰੇਲਵੇ ਨੇ ਚੇਨਈ ਸੈਂਟਰਲ-ਮੈਸੂਰੀ ਕਾਵੇਰੀ ਐਕਸਪ੍ਰੈੱਸ ਸਮੇਤ 4 ਐਕਸਪ੍ਰੈੱਸ ਟਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕਈ ਦੂਜੀਆਂ ਟਰੇਨਾਂ ਦੇ ਡਾਇਵਰ ਦੀ ਵੀ ਜਾਣਕਾਰੀ ਦਿੱਤੀ ਗਈ ਹੈ।

ਅਗਲੇ ਦੋ ਦਿਨ ਪਵੇਗਾ ਮੋਹਲੇਧਾਰ ਮੀਂਹ

ਮੌਸਮ ਵਿਭਾਗ ਨੇ ਅਗਲੇ ਦੋ ਦਿਨ ਤੱਕ ਤਾਮਿਲਨਾਡੂ ਵਿਚ ਮੋਹਲੇਧਾਰ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੈ। ਸੂਬਾ ਸਰਕਾਰ ਨੇ ਸਾਵਧਾਨੀ ਦੇ ਤੌਰ 'ਤੇ ਚੇਨਈ, ਤਿਰੂਵਲੂਰ, ਕਾਂਚੀਪੁਰਮ ਅਤੇ ਚੇਂਗਲਪੇਟ ਜ਼ਿਲ੍ਹਿਆਂ ਵਿਚ ਸਾਰੇ ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰਾਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ। ਸਿਰਫ਼ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ। 

ਬੈਂਗਲੁਰੂ 'ਚ ਵੀ ਮੀਂਹ ਦਾ ਅਸਰ

ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਸਮੇਤ ਸੂਬੇ ਦੇ ਕਈ ਹਿੱਸਿਆਂ ਵਿਚ ਵੀ ਮੋਹਲੇਧਾਰ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਪੁਡੂਚੇਰੀ ਵਿਚ ਵੀ 16 ਅਕਤੂਬਰ ਨੂੰ ਸਕੂਲ-ਕਾਲਜ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਬੈਂਗਲੁਰੂ ਵਿਚ ਵੀ ਮੋਹਲੇਧਾਰ ਮੀਂਹ ਦੇ ਪੂਰਵ ਅਨੁਮਾਨ ਦੇ ਚੱਲਦੇ 17 ਅਕਤੂਬਰ ਨੂੰ ਵਾਲਮੀਕੀ ਜਯੰਤੀ ਮੌਕੇ ਸਕੂਲ ਬੰਦ ਰਹਿਣਗੇ।

ਓਧਰ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਮੋਹਲੇਧਾਰ ਮੀਂਹ ਦੇ ਬਾਵਜੂਦ ਸਫਾਈ, ਨਾਗਰਿਕ ਕਰਮੀਆਂ ਅਤੇ ਅਧਿਕਾਰੀਆਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਫਰੰਟ ਲਾਈਨ ਵਰਕਰਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਰਹਿਣਗੇ। ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਕਰਮੀਆਂ ਲਈ ਘਰ ਤੋਂ ਕੰਮ ਕਰਨ ਦਾ ਆਪਸ਼ਨ ਰੱਖਣ।


Tanu

Content Editor

Related News