AC ਨੂੰ ਅਲਵਿਦਾ ਕਹਿਣ ਦਾ ਆ ਗਿਆ ਸਮਾਂ! ਇਨ੍ਹਾਂ ਸੂਬਿਆਂ ''ਚ ਮੀਂਹ ਦਾ ਅਲਰਟ
Thursday, Oct 10, 2024 - 10:20 PM (IST)
ਨੈਸ਼ਨਲ ਡੈਸਕ : ਅਕਤੂਬਰ ਸ਼ੁਰੂ ਹੁੰਦੇ ਹੀ ਦੇਸ਼ ਦੇ ਕੁਝ ਸੂਬਿਆਂ 'ਚ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਕਈ ਥਾਵਾਂ 'ਤੇ ਦਿਨ ਵੇਲੇ ਵੀ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ, ਜਦਕਿ ਕਈ ਥਾਵਾਂ 'ਤੇ ਹਲਕੀਆਂ ਠੰਡੀਆਂ ਹਵਾਵਾਂ ਵੀ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਮੌਸਮ ਵਿਭਾਗ ਨੇ ਕੁਝ ਇਲਾਕਿਆਂ 'ਚ ਭਾਰੀ ਮੀਂਹ ਅਤੇ ਤੂਫਾਨ ਦਾ ਅਲਰਟ ਜਾਰੀ ਕੀਤਾ ਹੈ।
ਮੀਂਹ ਦੀ ਚਿਤਾਵਨੀ
ਭਾਰਤੀ ਮੌਸਮ ਵਿਭਾਗ (IMD) ਮੁਤਾਬਕ 12 ਤੋਂ 16 ਅਕਤੂਬਰ ਦਰਮਿਆਨ ਕੇਰਲ ਤੇ ਤਾਮਿਲਨਾਡੂ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅਗਲੇ ਕੁਝ ਦਿਨਾਂ 'ਚ ਮਹਾਰਾਸ਼ਟਰ, ਕਰਨਾਟਕ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਗੁਜਰਾਤ ਤੇ ਗੋਆ ਦੇ ਕਈ ਇਲਾਕਿਆਂ 'ਚ ਮੀਂਹ ਦਾ ਖਤਰਾ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਕਰਨਾਟਕ-ਗੋਆ ਤੱਟਾਂ ਤੋਂ ਦੂਰ ਪੂਰਬੀ ਮੱਧ ਅਰਬ ਸਾਗਰ 'ਚ ਇੱਕ ਘੱਟ ਦਬਾਅ ਵਾਲਾ ਖੇਤਰ ਬਣ ਰਿਹਾ ਹੈ, ਜੋ ਉੱਤਰ-ਪੱਛਮ ਵੱਲ ਵਧੇਗਾ।
ਗੰਗਾਨਗਰ 'ਚ ਸਭ ਤੋਂ ਵੱਧ ਤਾਪਮਾਨ
ਮੌਸਮ ਵਿਭਾਗ ਨੇ ਪਿਛਲੇ ਹਫ਼ਤੇ ਦੇ ਤਾਪਮਾਨ ਬਾਰੇ ਵੀ ਜਾਣਕਾਰੀ ਦਿੱਤੀ ਹੈ। 3 ਅਕਤੂਬਰ ਨੂੰ ਦੇਸ਼ ਦੇ ਮੈਦਾਨੀ ਇਲਾਕਿਆਂ 'ਚ ਗੰਗਾਨਗਰ 'ਚ ਸਭ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂ ਕਿ 9 ਅਕਤੂਬਰ ਨੂੰ ਦਿੱਲੀ ਰਿੱਜ ਦਾ ਘੱਟੋ-ਘੱਟ ਤਾਪਮਾਨ 17.6 ਡਿਗਰੀ ਸੈਲਸੀਅਸ ਸੀ।
ਰਾਜਸਥਾਨ 'ਚ ਮੌਸਮ
ਰਾਜਸਥਾਨ 'ਚ ਪੱਛਮੀ ਗੜਬੜੀ ਕਾਰਨ 6 ਜ਼ਿਲ੍ਹਿਆਂ 'ਚ ਮੀਂਹ ਅਤੇ ਗੜ੍ਹੇਮਾਰੀ ਹੋਈ ਹੈ। ਚੁਰੂ, ਬੀਕਾਨੇਰ, ਹਨੂੰਮਾਨਗੜ੍ਹ, ਸੀਕਰ, ਨਾਗੌਰ ਅਤੇ ਝੁੰਝਨੂ 'ਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ। ਇਸ ਕਾਰਨ ਤਾਪਮਾਨ 'ਚ ਤਿੰਨ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਅਗਲੇ ਤਿੰਨ-ਚਾਰ ਦਿਨਾਂ 'ਚ ਇੱਥੇ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।
ਉੱਤਰ ਪ੍ਰਦੇਸ਼ ਦਾ ਮੌਸਮ
10 ਅਕਤੂਬਰ ਤੋਂ ਬਾਅਦ ਉੱਤਰ ਪ੍ਰਦੇਸ਼ 'ਚ ਮੌਸਮ ਖੁਸ਼ਕ ਰਹੇਗਾ ਪਰ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਗੋਰਖਪੁਰ, ਬਸਤੀ, ਦੇਵਰੀਆ, ਬਲੀਆ, ਸਿਧਾਰਥਨਗਰ, ਅਮਰੋਹਾ, ਪ੍ਰਯਾਗਰਾਜ, ਸੰਭਲ ਤੇ ਕਾਨਪੁਰ ਵਿੱਚ ਮੀਂਹ ਪੈ ਸਕਦਾ ਹੈ। ਇਸ ਤੋਂ ਬਾਅਦ ਤਾਪਮਾਨ 'ਚ ਗਿਰਾਵਟ ਆਵੇਗੀ ਅਤੇ ਰਾਤ ਨੂੰ ਹਲਕੀ ਠੰਡ ਵਧਣ ਦੀ ਸੰਭਾਵਨਾ ਹੈ।
ਦਿੱਲੀ ਦਾ ਮੌਸਮ
ਅਗਲੇ 10 ਦਿਨਾਂ 'ਚ ਉੱਤਰੀ ਭਾਰਤ ਤੇ ਦਿੱਲੀ ਦੇ ਮੈਦਾਨੀ ਇਲਾਕਿਆਂ ਵਿੱਚ ਸਰਗਰਮ ਪੱਛਮੀ ਗੜਬੜੀ ਦੀ ਕੋਈ ਸੰਭਾਵਨਾ ਨਹੀਂ ਹੈ। ਦਿੱਲੀ 'ਚ ਆਸਮਾਨ ਸਾਫ਼ ਰਹੇਗਾ ਅਤੇ ਹਲਕੀ ਹਵਾ ਚੱਲਦੀ ਰਹੇਗੀ। ਦਿਨ ਦਾ ਤਾਪਮਾਨ 30 ਡਿਗਰੀ ਦੇ ਆਸਪਾਸ ਅਤੇ ਰਾਤ ਦਾ ਤਾਪਮਾਨ 20 ਡਿਗਰੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।