ਉੱਤਰਕਾਸ਼ੀ ’ਚ ਢਿਗਾਂ ਡਿੱਗੀਆਂ; ਯਮੁਨੋਤਰੀ-ਗੰਗੋਤਰੀ ਹਾਈਵੇ ਬੰਦ

08/18/2022 12:08:49 PM

ਉੱਤਰਕਾਸ਼ੀ– ਉੱਤਰਕਾਸ਼ੀ ਵਿਚ ਯਮੁਨੋਤਰੀ ਰਾਸ਼ਟਰੀ ਰਾਜਮਾਰਗ ’ਤੇ ਬੁੱਧਵਾਰ ਦੀ ਸ਼ਾਮ ਨੂੰ ਧਰਾਸੂ ਬੈਂਡ ਨੇੜੇ ਬਹੁਤ ਭਾਰੀ ਮਾਤਰਾ ਵਿਚ ਢਿਗਾਂ ਡਿੱਗੀਆਂ। ਢਿਗਾਂ ਡਿੱਗਣ ਦਾ ਮਲਬਾ ਯਮੁਨੋਤਰੀ ਰਾਸ਼ਟਰੀ ਰਾਜਮਾਰਗ ਤੋਂ ਹੁੰਦੇ ਹੋਏ ਗੰਗੋਤਰੀ ਰਾਸ਼ਟਰੀ ਰਾਜਮਾਰਗ ’ਤੇ ਵੀ ਡਿੱਗਿਆ, ਜਿਸ ਕਾਰਨ ਗੰਗੋਤਰੀ-ਯਮੁਨੋਤਰੀ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ। ਢਿਗਾਂ ਇੰਨੀ ਜ਼ਬਰਦਸਤ ਡਿੱਗੀਆਂ ਕਿ ਪਹਾੜੀ ਦੇ ਇਕ ਵੱਡੇ ਹਿੱਸੇ ਨੇ ਦਰਜਨਾਂ ਦਰੱਖਤਾਂ ਨੂੰ ਉਖਾੜ ਸੁੱਟਿਆ। ਲਗਾਤਾਰ ਢਿਗਾਂ ਡਿੱਗਣ ਦਾ ਸਿਲਸਿਲਾ ਜਾਰੀ ਰਹਿਣ ਕਾਰਨ ਐੱਨ. ਐੱਚ. ਅਤੇ ਬੀ. ਆਰ. ਓ. ਦੀ ਟੀਮ ਬੁੱਧਵਾਰ ਦੇਰ ਸ਼ਾਮ ਤੱਕ ਰਾਜਮਾਰਗ ਖੋਲ੍ਹਣ ਦਾ ਕੰਮ ਸ਼ੁਰੂ ਨਹੀਂ ਕਰ ਸਕੀ ਸੀ।

ਯਮੁਨੋਤਰੀ ਰਾਸ਼ਟਰੀ ਰਾਜਮਾਰਗ ਬੁੱਧਵਾਰ ਸਵੇਰੇ ਵੀ ਛਟਾਂਗਾ ਅਤੇ ਤਲੋਗ ਨੇੜੇ ਢਿਗਾਂ ਡਿੱਗਣ ਕਾਰਨ ਪ੍ਰਭਾਵਿਤ ਹੋਇਆ ਸੀ। ਇਨ੍ਹਾਂ ਥਾਵਾਂ ’ਤੇ ਆਵਾਜਾਈ ਦੁਪਹਿਰ ਤੱਕ ਸੁਚਾਰੂ ਹੋਈ ਪਰ ਸ਼ਾਮ ਨੂੰ ਲਗਭਗ 5 ਵਜੇ ਧਰਾਸੂ ਯਮੁਨੋਤਰੀ ਰਾਜਮਾਰਗ ਧਰਾਸੂ ਬੈਂਡ ਤੋਂ 200 ਮੀਟਰ ਦੀ ਦੂਰੀ ’ਤੇ ਪਹਾੜੀ ਤੋਂ ਢਿੱਗਾਂ ਡਿੱਗਣੀਆਂ ਸ਼ੁਰੂ ਹੋਈਆਂ।

ਓਧਰ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ ’ਚ ਬੁੱਧਵਾਰ ਨੂੰ ਬੱਦਲ ਫਟਣ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਇਕ ਆਜੜੀ ਦਾ ਘਰ ਢਹਿ ਗਿਆ, ਜਿਸ ਨਾਲ ਮਲਬੇ ਹੇਠਾਂ ਦੱਬਣ ਨਾਲ 80 ਭੇਡਾਂ-ਬੱਕਰੀਆਂ ਮਰ ਗਈਆਂ ਅਤੇ 15 ਹੋਰ ਜ਼ਖਮੀ ਹੋ ਗਈਆਂ। ਅਧਿਕਾਰੀਆਂ ਨੇ ਦੱਸਿਆ ਬੁੱਧਵਾਰ ਨੂੰ ਤੜਕੇ ਜਵਾਹਰ ਸੁਰੰਗ ਦੇ ਅਧੀਨ ਬਨਿਹਾਲ ਖੇਤਰ ’ਚ ਜ਼ਮੀਨ ਖਿਸਕਣ ਕਾਰਨ ਆਜੜੀ ਮੰਜ਼ੂਰ ਅਹਿਮਦ ਅਤੇ ਉਸ ਦਾ ਪਰਿਵਾਰ ਵਾਲ-ਵਾਲ ਬਚ ਗਿਆ ਪਰ ਉਸ ਦਾ ਕੱਚਾ ਘਰ ਢਹਿ ਗਿਆ। ਉਨ੍ਹਾਂ ਨੇ ਦੱਸਿਆ ਕਿ ਘਰ ਦੇ ਮਲਬੇ ਹੇਠਾਂ ਦੱਬਣ ਨਾਲ ਅਹਿਮਦ ਦੀਆਂ ਕਰੀਬ 80 ਭੇਡਾਂ ਅਤੇ ਬੱਕਰੀਆਂ ਮਰ ਗਈਆਂ ਹਨ ਅਤੇ 15 ਹੋਰ ਜ਼ਖਮੀ ਹੋ ਗਈਆਂ ਹਨ।


Rakesh

Content Editor

Related News