ਸਿਹਤ ਮੰਤਰੀ ਨੇ ਰਾਜ ਸਭਾ ''ਚ ਦੱਸਿਆ- ''ਭਾਰਤ ''ਚ ਕਦੋਂ ਆਵੇਗੀ ਕੋਰੋਨਾ ਦੀ ਵੈਕਸੀਨ''

09/17/2020 4:13:37 PM

ਨਵੀਂ ਦਿੱਲੀ— ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਰਾਜ ਸਭਾ 'ਚ ਕੋਰੋਨਾ ਵਾਇਰਸ 'ਤੇ ਸਰਕਾਰ ਦੇ ਹਰ ਕਦਮ ਦੀ ਜਾਣਕਾਰੀ ਦਿੱਤੀ। ਰਾਜ ਸਭਾ 'ਚ ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਅਗਲੇ ਸਾਲ ਦੀ ਸ਼ੁਰੂਆਤ 'ਚ ਕੋਰੋਨਾ ਦਾ ਟੀਕਾ ਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਹੋਰ ਦੇਸ਼ਾਂ ਵਾਂਗ ਹੀ ਕੋਸ਼ਿਸ਼ਾਂ ਕਰ ਰਿਹਾ ਹੈ। ਸਾਨੂੰ ਉਮੀਦ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ਵਿਚ ਭਾਰਤ 'ਚ ਵੈਕਸੀਨ ਉਪਲੱਬਧ ਹੋਵੇਗੀ। 

ਸਿਹਤ ਮੰਤਰੀ ਨੇ ਦੱਸਿਆ ਕਿ ਕੋਰੋਨਾ ਮਾਮਲੇ ਵਿਚ ਸਰਕਾਰ ਨੇ ਬਿਲਕੁੱਲ ਵੀ ਦੇਰ ਨਹੀਂ ਕੀਤੀ। ਉਨ੍ਹਾਂ ਕਿਹਾ ਕਿ 7 ਜਨਵਰੀ ਨੂੰ ਡਬਲਿਊ. ਐੱਚ. ਓ. ਨੇ ਕੋਰੋਨਾ ਵਾਇਰਸ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਚੀਨ 'ਚ ਕੋਰੋਨਾ ਦਾ ਕੇਸ ਮਿਲਿਆ ਹੈ। ਅਸੀਂ 8 ਜਨਵਰੀ ਤੋਂ ਬੈਠਕਾਂ ਸ਼ੁਰੂ ਕਰ ਦਿੱਤੀਆਂ। ਇਤਿਹਾਸ ਇਸ ਗੱਲ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯਾਦ ਕਰੇਗਾ ਕਿ ਕਿਵੇਂ ਲਗਾਤਾਰ 8 ਮਹੀਨੇ ਤੱਕ ਉਨ੍ਹਾਂ ਨੇ ਕੋਰੋਨਾ ਨੂੰ ਲੈ ਕੇ ਹਰ ਐਕਸ਼ਨ 'ਤੇ ਨਜ਼ਰ ਰੱਖੀ। ਉਨ੍ਹਾਂ ਨੇ ਸਾਰਿਆਂ ਦੀ ਸਲਾਹ ਲਈ। ਬੀਤੇ ਕੁਝ ਮਹੀਨਿਆਂ ਤੋਂ ਸੂਬਾ ਅਤੇ ਕੇਂਦਰ ਸਰਕਾਰ ਕੋਰੋਨਾ ਖ਼ਿਲਾਫ ਜੰਗ ਲੜ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਪੂਰਾ ਦੇਸ਼ ਮਿਲ ਕੇ ਕੋਰੋਨਾ ਨਾਲ ਲੜਾਈ ਲੜ ਰਿਹਾ ਹੈ। 

ਹਰਸ਼ਵਰਧਨ ਨੇ ਅੱਗੇ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ 'ਚ ਦੁਨੀਆ ਭਰ ਦੇ ਮਾਹਰਾਂ ਨੇ ਭਾਰਤ 'ਚ ਅਗਸਤ-ਸਤੰਬਰ ਤੱਕ 30 ਕਰੋੜ ਕੋਰੋਨਾ ਮਰੀਜ਼ ਹੋਣ ਅਤੇ 50-60 ਲੱਖ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਸੀ। ਉਨ੍ਹਾਂ ਕਿਹਾ ਕਿ 135 ਕਰੋੜ ਦੇ ਇਸ ਦੇਸ਼ ਵਿਚ ਅਸੀਂ ਰੋਜ਼ਾਨਾ 11 ਲੱਖ ਟੈਸਟ ਕਰ ਰਹੇ ਹਾਂ। ਸਾਡੇ ਤੋਂ ਜ਼ਿਆਦਾ ਕੁੱਲ 5 ਕਰੋੜ ਟੈਸਟ ਅਜੇ ਤੱਕ ਅਮਰੀਕਾ ਨੇ ਕੀਤੇ ਹਨ। ਅਸੀਂ ਛੇਤੀ ਹੀ ਅਮਰੀਕਾ ਨੂੰ ਟੈਸਟਿੰਗ ਦੇ ਮਾਮਲੇ 'ਚ ਪਿੱਛੇ ਛੱਡ ਦੇਵਾਂਗੇ। ਸਰਕਾਰ ਇਸ ਮਹਾਮਾਰੀ ਦਾ ਰਣਨੀਤਕ ਤਰੀਕੇ ਨਾਲ ਮੁਕਾਬਲਾ ਕਰ ਰਹੀ ਹੈ ਅਤੇ ਅਜੇ ਤੱਕ ਸਫਲ ਰਹੀ ਹੈ। ਸਰਕਾਰ ਨੂੰ ਕੋਰੋਨਾ ਦੇ ਨਵੇਂ ਮਾਮਲੇ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ 'ਤੇ ਰੋਕ ਲਾਉਣ 'ਚ ਸਫਲਤਾ ਮਿਲੀ ਹੈ। ਦੁਨੀਆ ਦੇ ਹੋਰ ਦੇਸ਼ਾਂ ਦੀ ਤੁਲਨਾ ਵਿਚ ਇੱਥੇ ਸਥਿਤੀ ਜ਼ਿਆਦਾ ਬਿਹਤਰ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾਂ ਕੋਰੋਨਾ ਵਾਇਰਸ 'ਤੇ ਰੋਕ ਲੱਗੀ ਹੈ।


Tanu

Content Editor

Related News