ਹਰਿਆਣਾ 12ਵੀਂ ਬੋਰਡ 'ਚ 'ਸੰਜਮ' ਨੇ ਮਾਰੀ ਬਾਜ਼ੀ, ਖੋਲ੍ਹਣਾ ਚਾਹੁੰਦੈ ਖ਼ੁਦ ਦਾ ਸਕੂਲ

Wednesday, Jul 22, 2020 - 04:41 PM (IST)

ਫ਼ਤਿਹਾਬਾਦ— ਮਿਹਨਤ ਦਾ ਫ਼ਲ ਇਨਸਾਨ ਨੂੰ ਜ਼ਰੂਰ ਮਿਲਦਾ ਹੈ। ਅੱਜੇ ਦੇ ਸਮੇਂ 'ਚ ਪੜ੍ਹ-ਲਿਖ ਕੇ ਹਰ ਕੋਈ ਕੁਝ ਨਾ ਕੁਝ ਬਣਨਾ ਚਾਹੁੰਦਾ ਹੈ ਪਰ ਹਰਿਆਣਾ ਦੇ ਫ਼ਤਿਹਾਬਾਦ ਜ਼ਿਲ੍ਹੇ ਦਾ ਵਿਦਿਆਰਥੀ ਸੰਜਮ ਭਯਾਨਾ ਇਕ ਚੰਗਾ ਅਧਿਆਪਕ ਬਣਨ ਅਤੇ ਖ਼ੁਦ ਦਾ ਸਕੂਲ ਖੋਲ੍ਹਣ ਦਾ ਸੁਫ਼ਨਾ ਸੰਜੋਈ ਬੈਠਾ ਹੈ। ਜੀ ਹਾਂ, ਹਰਿਆਣਾ ਸਕੂਲ ਐਜੂਕੇਸ਼ਨ ਬੋਰਡ ਦੇ 12ਵੀਂ ਦੇ ਨਤੀਜਿਆਂ 'ਚ ਸੰਜਮ ਨੇ ਕਾਮਰਸ ਵਿਸ਼ੇ 'ਚ ਪੂਰੇ ਹਰਿਆਣਾ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਨੇ 500 'ਚੋਂ 498 ਹਾਸਲ ਕੀਤੇ ਹਨ। ਜਿੰਨੀ ਵੱਡੀ ਉਪਲੱਬਧੀ ਉਸ ਦੇ ਨਤੀਜਿਆਂ ਵਿਚ ਨਜ਼ਰ ਆਈ ਹੈ, ਓਨੀ ਹੀ ਵੱਡੀ ਸੋਚ ਨਾਲ ਉਹ ਜ਼ਿੰਦਗੀ ਵਿਚ ਅੱਗੇ ਕੁਝ ਕਰਨ ਦੀ ਨਜ਼ਰ ਆਈ। ਉਸ ਦੀ ਇਹ ਸੋਚ ਦੁਨੀਆ ਦੀ ਸੋਚ ਬਦਲਣ ਦਾ ਸੰਦੇਸ਼ ਦਿੰਦੀ ਹੈ। ਉਸ ਦੀ ਸੋਚ ਨੂੰ ਲੈ ਕੇ ਉਸ ਦੇ ਮਾਪੇ ਅਤੇ ਅਧਿਆਪਕਾ ਨੇ ਵੀ ਸ਼ਲਾਘਾ ਕੀਤੀ। 

PunjabKesari

ਖੋਲ੍ਹਣਾ ਚਾਹੁੰਦੈ ਖ਼ੁਦ ਦਾ ਸਕੂਲ—
ਸੰਜਮ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਵੀ ਸਕੂਲ ਚਲਾਉਂਦੇ ਹਨ ਅਤੇ ਉਸੇ ਸਕੂਲ 'ਚ ਪੜ੍ਹ ਕੇ ਉਸ ਨੇ ਅੱਜ ਹਰਿਆਣਾ 'ਚ ਟਾਪ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਅੱਜ ਦੇਸ਼ ਵਿਚ ਸਿੱਖਿਆ ਵਿਵਸਥਾ ਮਾੜੀ ਹਾਲਤ ਵਿਚ ਹੈ ਅਤੇ ਦੇਸ਼ ਨੂੰ ਅੱਗੇ ਵਧਾਉਣ ਲਈ ਵੱਧ ਤੋਂ ਵੱਧ ਸਿੱਖਿਅਤ ਹੋਣ ਦੀ ਜ਼ਰੂਰਤ ਹੈ। ਦੇਸ਼ ਵਿਚ ਸਿੱਖਿਆ ਦਾ ਪੱਧਰ ਚੰਗਾ ਹੋਵੇ, ਇਸ ਲਈ ਸੰਜਮ ਨੇ ਦੱਸਿਆ ਕਿ ਚੰਗੇ ਸਕੂਲਾਂ ਦੀ ਜ਼ਰੂਰਤ ਹੈ। ਉਹ ਅੱਗੇ ਚੱਲ ਕੇ ਆਪਣੇ ਪਿਤਾ ਵਾਂਗ ਇਕ ਸਕੂਲ ਖੋਲ੍ਹਣਾ ਚਾਹੁੰਦਾ ਹੈ। ਸੰਜਮ ਦੀ ਸੋਚ ਕਿੰਨੀ ਉੱਚੀ ਹੈ, ਇਸ ਗੱਲ ਦਾ ਅੰਦਾਜਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਸੰਜਮ ਦਾ ਕਹਿਣਾ ਹੈ ਕਿ ਉਹ ਚਾਹੁੰਦਾ ਹੈ ਕਿ ਮੇਰੇ ਸਕੂਲ ਵਿਚ ਬੱਚੇ ਇਸ ਤਰ੍ਹਾਂ ਪੜ੍ਹਾਈ ਕਰਨ ਕਿ ਉਹ ਜ਼ਿੰਦਗੀ ਵਿਚ ਜੋ ਵੀ ਬਣਨਾ ਚਾਹੁੰਦੇ ਹਨ, ਪੜ੍ਹਾਈ ਕਰ ਕੇ ਅੱਗੇ ਵਧਣ।

ਮਾਪਿਆਂ ਨੇ ਕਦੇ ਦਬਾਅ ਨਹੀਂ ਪਾਇਆ ਕਿ ਆਈ. ਐੱਸ. ਜਾਂ ਇੰਜੀਨੀਅਰ ਬਣ—
ਸੰਜਮ ਨੇ ਕਿਹਾ ਕਿ ਉਸ ਦੇ ਮਾਪਿਆਂ ਨੇ ਕਦੇ ਵੀ ਉਸ 'ਤੇ ਆਈ. ਐੱਸ. ਜਾਂ ਇੰਜੀਨੀਅਰ ਬਣਨ ਦੀ ਪੜ੍ਹਾਈ ਲਈ ਦਬਾਅ ਨਹੀਂ ਪਾਇਆ। ਜੋ ਮੈਨੂੰ ਚੰਗਾ ਲੱਗਾ, ਮੈਂ ਉਹ ਹੀ ਚੁਣਿਆ ਅਤੇ ਪੜ੍ਹਨ ਦਿੱਤਾ। ਹਰਿਆਣਾ 'ਚ ਟਾਪ ਕਰਨ 'ਚ ਪਰਿਵਾਰ, ਸਕੂਲ ਦੇ ਅਧਿਆਪਕ ਅਤੇ ਖੁਦ ਉਨ੍ਹਾਂ ਦੇ ਪਿਤਾ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਸੰਜਮ ਦੇ ਪਿਤਾ ਨੇ ਦੱਸਿਆ ਕਿ ਜਦੋਂ ਮੈਨੂੰ ਆਪਣੇ ਪੁੱਤਰ ਦੇ ਹਰਿਆਣਾ 'ਚ 12ਵੀਂ ਜਮਾਤ 'ਚ ਟਾਪ ਕਰਨ ਦੀ ਸੂਚਨਾ ਮਿਲੀ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮੈਨੂੰ ਮਾਣ ਹੈ ਕਿ ਮੇਰੇ ਪੁੱਤਰ ਨੇ ਪੂਰੇ ਪਰਿਵਾਰ ਨੂੰ ਖੁਸ਼ੀ ਦਿੱਤੀ ਹੈ ਪਰ ਇਕ ਪਿਤਾ ਨੂੰ ਦੋਹਰੀ ਖੁਸ਼ੀ ਦਿੱਤੀ ਹੈ।

ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦਿੱਤੀ ਵਧਾਈ—
ਹਰਿਆਣਾ 'ਚ ਟਾਪ ਕਰਨ ਵਾਲੇ ਫ਼ਤਿਹਾਬਾਦ ਦੇ ਵਿਦਿਆਰਥੀ ਸੰਜਮ ਬਾਰੇ ਜਾਣਕਾਰੀ ਦਿੰਦੇ ਹੋਏ ਬਲਾਕ ਐਜੂਕੇਸ਼ਨ ਅਫ਼ਸਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਵਿਦਿਆਰਥੀ ਸੰਜਮ ਨੇ 500 'ਚੋਂ 498 ਨੰਬਰ ਲੈ ਕੇ ਹਰਿਆਣਾ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਵਿਦਿਆਰਥੀ ਦੀ ਇਸ ਉਪਲੱਬਧੀ 'ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਫ਼ਤਿਹਾਬਾਦ, ਪੂਰੇ ਸਿੱਖਿਆ ਮਹਿਕਮੇ ਵਲੋਂ ਸੰਜਮ ਅਤੇ ਉਸ ਦੇ ਪਰਿਵਾਰ ਨੂੰ ਵਧਾਈ।


Tanu

Content Editor

Related News