ਹਾਥਰਸ ਕੇਸ: ਪੀੜਤਾ ਦੇ ਪਰਿਵਾਰ ਸਮੇਤ ਪਿੰਡ ਦਾ ਕਰਵਾਇਆ ਗਿਆ ''ਕੋਰੋਨਾ'' ਟੈਸਟ, ਇਹ ਸੀ ਵਜ੍ਹਾ
Tuesday, Oct 06, 2020 - 03:53 PM (IST)
ਹਾਥਰਸ— ਉੱਤਰ ਪ੍ਰਦੇਸ਼ ਦੇ ਹਾਥਰਸ ਕੇਸ ਵਿਚ ਗੈਂਗਰੇਪ ਪੀੜਤਾ ਦੇ ਪੂਰੇ ਪਿੰਡ ਦੇ ਲੋਕਾਂ ਦਾ ਮੰਗਲਵਾਰ ਯਾਨੀ ਕਿ ਅੱਜ ਕੋਰੋਨਾ ਟੈਸਟ ਕਰਵਾਇਆ ਗਿਆ। ਦਰਅਸਲ ਇਹ ਦੀ ਵਜ੍ਹਾ ਪਿਛਲੇ ਕੁਝ ਦਿਨਾਂ ਵਿਚ ਇੱਥੇ ਕੁਝ ਪੱਤਰਕਾਰ ਅਤੇ ਸੁਰੱਖਿਆ ਕਾਮੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉੱਤਰ ਪ੍ਰਦੇਸ਼ ਸਰਕਾਰ ਮੁਤਾਬਕ ਪਿਛਲੇ ਇਕ ਹਫ਼ਤੇ ਵਿਚ ਇੱਥੇ ਲਗਾਤਾਰ ਸਿਆਸੀ ਦਲਾਂ ਦੇ ਨੇਤਾਵਾਂ ਅਤੇ ਪੱਤਰਕਾਰਾਂ ਦੀ ਆਵਾਜਾਈ ਰਹੀ, ਅਜਿਹੇ ਵਿਚ ਲਾਗ ਦੇ ਖ਼ਦਸ਼ੇ ਨੂੰ ਵੇਖਦੇ ਹੋਏ ਸਾਰੇ ਪਿੰਡ ਵਾਸੀਆਂ ਦੀ ਕੋਰੋਨਾ ਜਾਂਚ ਕਰਾਉਣ ਦਾ ਫ਼ੈਸਲਾ ਲਿਆ ਗਿਆ ਹੈ।
ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਵੀ ਕੋਰੋਨਾ ਟੈਸਟ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਦੇ ਕੋਰੋਨਾ ਜਾਂਚ ਦੇ ਨਤੀਜੇ ਅਗਲੇ 24 ਘੰਟਿਆਂ ਵਿਚ ਸਾਹਮਣੇ ਆ ਸਕਦੇ ਹਨ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਇਸ ਘਿਨੌਣੀ ਵਾਰਦਾਤ ਮਗਰੋਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ, ਭੀਮ ਆਰਮੀ ਮੁਖੀ ਚੰਦਰਸ਼ੇਖਰ ਆਜ਼ਾਦ ਅਤੇ ਹੋਰ ਵਿਰੋਧੀ ਦਲਾਂ ਦੇ ਨੇਤਾਵਾਂ ਨੇ ਪਿੰਡ ਦਾ ਦੌਰਾ ਕੀਤਾ ਹੈ। ਪੱਤਰਕਾਰਾਂ ਦੀ ਭੀੜ ਵੀ ਲੰਬੇ ਸਮੇਂ ਤੋਂ ਪਿੰਡ ਦੇ ਬਾਹਰ ਆ-ਜਾ ਰਹੀ ਹੈ।
ਇਹ ਹੈ ਪੂਰਾ ਮਾਮਲਾ—
ਜ਼ਿਕਰਯੋਗ ਹੈ ਕਿ ਬੀਤੀ 14 ਸਤੰਬਰ 2020 ਨੂੰ ਹਾਥਰਸ ਜ਼ਿਲ੍ਹੇ ਦੇ ਚੰਦਪਾ ਖੇਤਰ ਵਿਚ 19 ਸਾਲ ਦੀ ਇਕ ਦਲਿਤ ਕੁੜੀ ਨਾਲ ਸਮੂਹਰ ਜਬਰ ਜ਼ਿਨਾਹ ਕੀਤਾ ਗਿਆ ਸੀ। ਵਾਰਦਾਤ ਦੌਰਾਨ ਗਲ਼ ਘੁੱਟਣ ਕਾਰਨ ਉਸ ਦੀ ਜੀਭ ਵੀ ਕੱਟੀ ਗਈ ਸੀ। ਕੁੜੀ ਨੂੰ ਪਹਿਲਾਂ ਅਲੀਗੜ੍ਹ ਦੇ ਜਵਾਹਰਲਾਲ ਨਹਿਰੂ ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾਇਆ ਗਿਆ ਸੀ। ਬਾਅਦ ਵਿਚ ਉਸ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਬੀਤੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਇਸ ਘਟਨਾ ਮਗਰੋਂ ਦੇਸ਼ 'ਚ ਰੋਹ ਹੈ। ਲੋਕ ਪੀੜਤਾ ਨੂੰ ਨਿਆਂ ਦੇਣ ਦੀ ਮੰਗ ਕਰ ਰਹੇ ਹਨ।