ਹਸਨੂਰਾਮ ਦੀ ਹਸਰਤ; ਹਰ ਵਾਰ ਰਹਿ ਜਾਂਦੀ ਹੈ ਅਧੂਰੀ, 98 ਵਾਰ ਹਾਰ ਚੁੱਕਿਆ ਹੈ ਚੋਣ ਪਰ ਬਣਾਉਣਾ ਚਾਹੁੰਦੈ ਇਹ ਰਿਕਾਰਡ

Tuesday, Apr 16, 2024 - 12:40 PM (IST)

ਆਗਰਾ- ਆਗਰਾ ’ਚ ਹਸਨੂਰਾਮ ਅੰਬੇਡਕਰੀ ‘ਧਰਤੀ ਪਕੜ’ ਨਾਮੀ ਉਮੀਦਵਾਰ 98 ਵਾਰ ਚੋਣਾਂ ਹਾਰ ਚੁੱਕਾ ਹੈ ਅਤੇ ਹੁਣ ਉਹ 2 ਰਾਖਵੀਆਂ ਸੀਟਾਂ ਆਗਰਾ ਅਤੇ ਫਤਿਹਪੁਰ ਸੀਕਰੀ ਸੀਟ ਤੋਂ 99ਵੀਂ ਵਾਰ ਚੋਣ ਲੜਨ ਜਾ ਰਿਹਾ ਹੈ। ਆਗਰਾ ਜ਼ਿਲੇ ਦੀ ਖੇੜਾਗੜ੍ਹ ਤਹਿਸੀਲ ਦੀ ਵਸਨੀਕ ਅੰਬੇਡਕਰੀ ਨੇ ਆਪਣਾ ਪਹਿਲਾ ਚੋਣ ਮਾਰਚ 1985 ਵਿਚ ਖੇੜਾਗੜ੍ਹ ਵਿਧਾਨ ਸਭਾ ਸੀਟ ਤੋਂ ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਦੇ ਉਮੀਦਵਾਰ ਵਿਰੁੱਧ ਆਜ਼ਾਦ ਉਮੀਦਵਾਰ ਵਜੋਂ ਲੜੀ ਸੀ। ਅੰਬੇਡਕਰੀ ਨੇ ਕਿਹਾ ਕਿ ਮੈਂ 1985 ਤੋਂ ਗ੍ਰਾਮ ਪ੍ਰਧਾਨ, ਰਾਜ ਵਿਧਾਨ ਸਭਾ, ਗ੍ਰਾਮ ਪੰਚਾਇਤ, ਐੱਮ. ਐੱਲ. ਸੀ. ਅਤੇ ਲੋਕ ਸਭਾ ਦੀਆਂ ਚੋਣਾਂ ਲੜੀਆਂ ਹਨ। ਮੈਂ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੀ ਉਮੀਦਵਾਰੀ ਵੀ ਦਾਖਲ ਕੀਤੀ ਸੀ ਪਰ ਇਸ ਨੂੰ ਰੱਦ ਕਰ ਦਿੱਤਾ ਗਿਆ। ਮਨਰੇਗਾ ਮਜ਼ਦੂਰ ਵਜੋਂ ਆਪਣੀ ਰੋਜ਼ੀ-ਰੋਟੀ ਕਮਾਉਣ ਵਾਲੇ ਅੰਬੇਡਕਰੀ ਦਾ ਕਹਿਣਾ ਹੈ ਕਿ ਇਸ ਵਾਰ ਵੀ ਮੈਨੂੰ ਯਕੀਨ ਹੈ ਕਿ ਮੈਂ ਦੋਵੇਂ ਸੀਟਾਂ ’ਤੇ ਹਾਰ ਜਾਵਾਂਗਾ। ਪਰ, ਮੇਰਾ ਟੀਚਾ 100ਵੀਂ ਵਾਰ ਚੋਣਾਂ ਲੜਨਾ ਹੈ ਅਤੇ ਉਸ ਤੋਂ ਬਾਅਦ ਮੈਂ ਕੋਈ ਚੋਣਾਂ ਨਹੀਂ ਲੜਾਂਗਾ।

ਜਦੋਂ ਅੰਬੇਡਕਰੀ ਨੂੰ ਪੁੱਛਿਆ ਗਿਆ ਕਿ ਉਸ ਨੂੰ ਲਗਾਤਾਰ ਚੋਣ ਲੜਨ ਲਈ ਕਿਸ ਚੀਜ਼ ਨੇ ਪ੍ਰੇਰਿਤ ਕੀਤਾ, ਤਾਂ ਉਸ ਨੇ ਕਿਹਾ ਕਿ ਮੈਂ 1984 ਦੇ ਅੰਤ ਵਿਚ ਆਗਰਾ ਤਹਿਸੀਲ ਵਿਚ ‘ਅਮੀਨ’ ਦੀ ਨੌਕਰੀ ਛੱਡ ਦਿੱਤੀ ਸੀ ਕਿਉਂਕਿ ਬਸਪਾ ਨੇ ਮੈਨੂੰ ਖੇੜਾਗੜ੍ਹ ਸੀਟ ਤੋਂ ਚੋਣ ਲੜਨ ਲਈ ਟਿਕਟ ਦੇਣ ਦਾ ਵਾਅਦਾ ਕੀਤਾ ਸੀ। ਉਸ ਨੇ ਕਿਹਾ ਕਿ ਬਾਅਦ ’ਚ ਪਾਰਟੀ ਦੇ ਉਸ ਸਮੇਂ ਦੇ ਕਨਵੀਨਰ ਨੇ ਮੈਨੂੰ ਟਿਕਟ ਦੇਣ ਤੋਂ ਨਾਂਹ ਕਰ ਦਿੱਤੀ ਅਤੇ ਉਸ ਨੇ ਮੇਰਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਤੇਰੀ ਪਤਨੀ ਵੀ ਤੈਨੂੰ ਵੋਟ ਨਹੀਂ ਦੇਵੇਗੀ। ਅੰਬੇਡਕਰੀ ਨੇ ਕਿਹਾ ਕਿ ਅਪਮਾਨ ਦਾ ਬਦਲਾ ਲੈਣ ਲਈ ਉਸਨੇ ਇਸ ਸੀਟ ਤੋਂ ਚੋਣ ਲੜੀ ਅਤੇ ਚੋਣ ਨਤੀਜਿਆਂ ਵਿਚ ਉਸਨੂੰ ਤੀਸਰਾ ਸਥਾਨ ਮਿਲਿਆ। ਉਸਨੇ ਕਿਹਾ ਕਿ ਮੈਂ ਸਾਬਤ ਕਰਨ ਲਈ ਅਤੇ ਹੋਰ ਚੋਣਾਂ ਲੜਨ ਦੀ ਯੋਜਨਾ ਬਣਾਈ ਕਿ ਮੈਨੂੰ ਵੀ ਲੋਕਾਂ ਤੋਂ ਵੋਟਾਂ ਮਿਲ ਸਕਦੀਆਂ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

 


DIsha

Content Editor

Related News