ਕਮਾਲ ਦੇ ਦੋਸਤ ਸਨ ਉਹ ਦੋਵੇਂ, ਇਕ ਹੀ ਰਿਕਸ਼ੇ ਤੇ ਹੁੰਦਾ ਸੀ ਆਉਣਾ-ਜਾਣਾ

11/10/2019 12:53:41 PM

ਅਯੁੱਧਿਆ-ਰਾਮ ਮੰਦਰ ਦੇ ਪੈਰੋਕਾਰ ਰਹੇ ਪਰਮਹੰਸ ਦਾਸ ਜੀ ਅਤੇ ਬਾਬਰੀ ਮਸਜਿਦ ਦੇ ਮੁਦਈ ਹਾਸ਼ਮੀ ਅੰਸਾਰੀ ਦੋਵੇਂ ਹੁਣ ਇਸ ਦੁਨੀਆ ’ਚ ਨਹੀਂ ਹਨ। ਦੋਵਾਂ ’ਚ ਵਿਚਾਰਕ ਲੜਾਈ ਜ਼ਰੂਰ ਸੀ ਪਰ ਉਨ੍ਹਾਂ ਦੀ ਦੋਸਤੀ ਅਟੁੱਟ ਸੀ। ਹੁਣ ਸ਼ਾਇਦ ਹੀ ਅਜਿਹਾ ਦੇਖਣ ਨੂੰ ਮਿਲੇ। ਦੋਵੇਂ ਇਕੱਠੇ ਹੀ ਰਿਕਸ਼ੇ ’ਤੇ ਸਵਾਰ ਹੋ ਕੇ ਕਚਹਿਰੀ ਜਾਂਦੇ ਸਨ। ਰੋਜ਼ਾਨਾ ਦੀ ਸੁਣਵਾਈ ਤੋਂ ਬਾਅਦ ਹੱਸਦੇ ਬੋਲਦੇ ਹੋਏ ਇਕ ਹੀ ਰਿਕਸ਼ੇ ’ਤੇ ਘਰ ਵਾਪਸ ਆਉਂਦੇ ਸਨ। ਕਰੀਬ ਛੇ ਦਹਾਕਿਆਂ ਤਕ ਉਨ੍ਹਾਂ ਨੇ ਇੰਝ ਹੀ ਦੋਸਤੀ ਨਿਭਾਈ।

ਸੁਪਰੀਮ ਕੋਰਟ ’ਚ ਅਯੁੱਧਿਆ ਵਿਵਾਦ ਨੂੰ ਲੈ ਕੇ ਸੁਣਵਾਈ ਦੌਰਾਨ ਅੰਦਰ ਅਤੇ ਬਾਹਰ ਪੱਖ ਰੱਖਣ ਵਾਲਿਆਂ ਦੀ ਤਲਖੀ ਅਤੇ ਹੁਣ ਫੈਸਲੇ ਦੇ ਇੰਤਜ਼ਾਰ ’ਚ ਕੌੜੇ ਬੋਲਾਂ ਦਰਮਿਆਨ ਪਰਮਹੰਸ ਅਤੇ ਹਾਸ਼ਮੀ ਨੂੰ ਯਾਦ ਕਰਨਾ ਜ਼ਰੂਰੀ ਹੈ। ਮੌਜੂਦਾ ਸਮੇਂ ’ਚ ਦੋਵੇਂ ਧਿਰਾਂ ਦੇ ਜੋ ਪੈਰੋਕਾਰ ਹਨ। ਉਨ੍ਹਾਂ ਵਰਗੇ ਰਿਸ਼ਤੇ ਨਹੀਂ ਦਿਖਦੇ। ਇਕ ਸਮਾਂ ਸੀ ਕਿ ਅੰਦੋਲਨ ਸਿਖਰਾਂ ’ਤੇ ਹੋਣ ਦੇ ਬਾਵਜੂਦ ਗੱਲਬਾਤ ਹੁੰਦੀ ਸੀ। ਅਯੁੱਧਿਆ ਦੇ ਮਹੰਤ ਨਰਾਇਣਾਚਾਰੀ ਦੱਸਦੇ ਹਨ ਕਿ ਉਨ੍ਹਾਂ ਦਿਨਾਂ ’ਚ ਅਸੀਂ ਇਹ ਇੰਤਜ਼ਾਰ ਕਰਦੇ ਸਾਂ ਕਿ ਕਦੋਂ ਦੋਵੇਂ ਖਾਲੀ ਸਮੇਂ ’ਚ ਦੰਤਧਾਵਣ ਕੁੰਡ ਨੇੜੇ ਆਉਣਗੇ। ਅਕਸਰ ਸ਼ਾਮ ਹੁੰਦੇ ਉਹ ਇਕੱਠੇ ਆਉਂਦੇ ਸਨ ਅਤੇ ਤਾਸ਼ ਖੇਡਦੇ ਸਨ। ਇਹ ਖੇਡ ਦੇਰ ਰਾਤ ਤਕ ਚਲਦੀ ਸੀ, ਚਾਹ ਪੀਤੀ ਜਾਂਦੀ ਸੀ, ਨਾਸ਼ਤਾ ਕੀਤਾ ਜਾਂਦਾ ਸੀ ਪਰ ਇਕ ਵੀ ਸ਼ਬਦ ਮੰਦਰ ਮਸਜਿਦ ਨੂੰ ਲੈ ਕੇ ਨਹੀਂ ਬੋਲਿਆ ਜਾਂਦਾ ਸੀ। ਉਨ੍ਹਾਂ ਦੀ ਲੜਾਈ ਵਿਚਾਰਕ ਸੀ। ਉਹ ਆਪਣੇ ਹੱਕ ਅਤੇ ਆਪਣੇ ਈਸ਼ਵਰ ਲਈ ਕਚਹਿਰੀ ’ਚ ਪੈਰਵੀ ਕਰਦੇ ਸਨ। ਉਨ੍ਹਾਂ ਦੀ ਕੋਈ ਵੀ ਨਿੱਜੀ ਦੁਸ਼ਮਣੀ ਨਹੀਂ ਸੀ।

ਪਰਮਹੰਸ ’ਤੇ ਕਿਤਾਬ ਲਿਖਣ ਵਾਲੇ ਸੰਤੋਸ਼ ਤ੍ਰਿਪਾਠੀ ਦੀ ਮੰਨੀਏ ਤਾਂ ਹਾਸ਼ਿਮ ਅੰਸਾਰੀ ਗਜ਼ਬ ਕਿਸਮ ਦੇ ਆਦਮੀ ਸਨ। ਉਨ੍ਹਾਂ ਦੇ ਚਿਹਰੇ ’ਤੇ ਝੁਰੜੀਆਂ ਦੇ ਨਾਲ ਮਾਯੂਸੀ ਕਦੇ ਨਹੀਂ ਦੇਖੀ। ਹਾਸ਼ਿਮ ਅਯੁੱਧਿਆ ਦੇ ਉਨ੍ਹਾਂ ਕੁਝ ਚੋਣਵੇਂ ਲੋਕਾਂ ’ਚੋਂ ਸਨ, ਜੋ ਦਹਾਕਿਆਂ ਤਕ ਆਪਣੇ ਧਰਮ ਅਤੇ ਬਾਬਰੀ ਮਸਜਿਦ ਲਈ ਸੰਵਿਧਾਨ ਅਤੇ ਕਾਨੂੰਨ ਦੇ ਦਾਇਰੇ ’ਚ ਰਹਿੰਦੇ ਹੋਏ ਅਦਾਲਤੀ ਲੜਾਈ ਲੜਦੇ ਰਹੇ।


Iqbalkaur

Edited By Iqbalkaur