ਹਰਿਆਣਾ ਰੋਡਵੇਜ਼ ਅਤੇ ਸਕੂਲ ਬੱਸ ਵਿਚਾਲੇ ਟੱਕਰ, 25 ਤੋਂ ਵੱਧ ਲੋਕ ਜ਼ਖਮੀ
Tuesday, Dec 07, 2021 - 03:23 PM (IST)
ਭਿਵਾਨੀ— ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਲੋਹਾਰੂ ਮਾਰਗ ’ਤੇ ਪੈਂਦੇ ਪਿੰਡ ਲਲਹਾਨਾ ਨੇੜੇ ਅੱਜ ਸਵੇਰੇ ਇਕ ਪ੍ਰਾਈਵੇਟ ਸਕੂਲ ਦੀ ਬੱਸ ਅਤੇ ਰੋਡਵੇਜ਼ ਬੱਸ ਦੀ ਆਹਮਣੇ-ਸਾਹਮਣੇ ਟੱਕਰ ਹੋ ਗਈ। ਘਟਨਾ ਵਿਚ 3 ਦਰਜਨ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਭਿਵਾਨੀ ਦੇ ਚੌਧਰੀ ਬੰਸੀਲਾਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਹਸਪਤਾਲ ਦਾ ਪੂਰਾ ਸਟਾਫ਼ ਐਮਰਜੈਂਸੀ ਵਿਭਾਗ ਵਿਚ ਬੁਲਾ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਲੋਹਾਰੂ ਵੱਲੋਂ ਭਿਵਾਨੀ ਆ ਰਹੀ ਰੋਡਵੇਜ਼ ਦੀ ਬੱਸ ਲਲਹਾਨਾ ਦੇ ਨੇੜੇ ਇਕ ਪ੍ਰਾਈਵੇਟ ਬੱਸ ਨਾਲ ਟਕਰਾ ਗਈ।
ਪ੍ਰਾਈਵੇਟ ਸਕੂਲ ਬੱਸ ਦਾ ਸਟਾਫ਼ ਸਕੂਲ ਜਾ ਰਿਹਾ ਸੀ। ਹਾਦਸੇ ਮਗਰੋਂ ਲੋਕਾਂ ਨੂੰ ਲੋਹਾਨੀ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਲੱਗਭਗ 28 ਲੋਕਾਂ ਨੂੰ ਭਿਵਾਨੀ ਦੇ ਚੌਧਰੀ ਬੰਸੀਲਾਲ ਹਸਪਤਾਲ ਵਿਚ ਲਿਆਂਦਾ ਗਿਆ। ਰੋਡਵੇਜ਼ ਬੱਸ ’ਚ ਸਵਾਰ ਸਵਾਰੀਆਂ ਦਾ ਕਹਿਣਾ ਸੀ ਕਿ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ। ਧੁੰਦ ਜ਼ਿਆਦਾ ਹੋਣ ਕਾਰਨ ਬੱਸ ਡਰਾਈਵਰ ਨੂੰ ਨਜ਼ਰ ਨਹੀਂ ਆਇਆ ਅਤੇ ਬੱਸਾਂ ਦੀ ਟੱਕਰ ਹੋ ਗਈ। ਹਸਪਤਾਲ ਦੇ ਪੀ. ਐੱਮ. ਓ. ਡਾ. ਮੰਜੂ ਨੇ ਦੱਸਿਆ ਕਿ ਸਾਰਿਆਂ ਦੀ ਹਾਲਤ ਆਮ ਬਣੀ ਹੋਈ ਹੈ। ਸਾਰਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ।