ਪ੍ਰੇਮੀ ਨਾਲ ਮਿਲ ਕੀਤਾ ਸੱਸ ਦਾ ਕਤਲ, ਪੁਲਸ ਨੂੰ ਚੋਰੀ ਦੀ ਝੂਠੀ ਕਹਾਣੀ ਸੁਣਾ ਉਲਝਾਇਆ

Sunday, Aug 16, 2020 - 05:57 PM (IST)

ਪ੍ਰੇਮੀ ਨਾਲ ਮਿਲ ਕੀਤਾ ਸੱਸ ਦਾ ਕਤਲ, ਪੁਲਸ ਨੂੰ ਚੋਰੀ ਦੀ ਝੂਠੀ ਕਹਾਣੀ ਸੁਣਾ ਉਲਝਾਇਆ

ਕੈਥਲ- ਹਰਿਆਣਾ ਦੇ ਕੈਥਲ 'ਚ ਪੁਲਸ ਨੇ ਇਕ ਬਜ਼ੁਰਗ ਬੀਬੀ ਦੇ ਕਤਲ ਦਾ ਮਾਮਲਾ ਸੁਲਝਾਉਂਦੇ ਹੋਏ ਉਨ੍ਹਾਂ ਦੀ ਨੂੰਹ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ 9 ਅਗਸਤ ਦੀ ਸਵੇਰ ਜਨਕਪੁਰੀ ਕਾਲੋਨੀ 'ਚ ਇਕ ਮਕਾਨ 'ਚ ਬੀਬੀ ਦੀ ਲਾਸ਼ ਮਿਲੀ ਸੀ। ਬੀਬੀ ਦੇ ਗਲੇ ਤੋਂ ਸੋਨੇ ਦੀ ਚੈਨ, ਕੰਨਾਂ ਦੇ ਟੋਪਸ ਗਾਇਬ ਅਤੇ ਕਮਰੇ 'ਚੋਂ ਇਕ ਸੰਦੂਕ ਦਾ ਤਾਲਾ ਵੀ ਟੁੱਟਿਆ ਮਿਲਿਆ। ਪੁਲਸ ਨੇ ਕਤਲ ਅਤੇ ਚੋਰੀ ਦਾ ਮਾਮਲਾ ਦਰਜ ਕੀਤਾ ਅਤੇ ਮਾਮਲੇ ਦੀ ਜਾਂਚ ਕਰਨ ਲੱਗੀ। ਹਾਲਾਂਕਿ ਪੁਲਸ ਨੂੰ ਜਾਂਚ ਦੌਰਾਨ ਸ਼ੱਕ ਹੋਇਆ ਕਿ ਮਾਮਲਾ ਕੁਝ ਹੋਰ ਹੀ ਹੈ। 

ਪੁਲਸ ਨੇ ਬੀਬੀ ਦੀ ਨੂੰਹ ਰਾਜਵਿੰਦਰ ਉਰਫ਼ ਰਾਜ ਅਤੇ ਉਸ ਦੇ ਪ੍ਰੇਮੀ ਬਰੋਟ ਵਾਸੀ ਅਮਿਤ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਅਨੁਸਾਰ ਪੁੱਛ-ਗਿੱਛ 'ਚ ਦੋਹਾਂ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੇ ਸੰਬੰਧ ਸਨ ਅਤੇ ਹਾਲਾਂਕਿ ਪਰਿਵਾਰ ਵਾਲਿਆਂ ਸਾਹਮਣੇ ਰਾਜ ਅਮਿਤ ਨੂੰ ਰੱਖੜੀ ਬੰਨ੍ਹਦੀ ਸੀ ਪਰ ਪਤੀ ਨੂੰ ਸ਼ੱਕ ਹੋ ਗਿਆ। ਪਤੀ ਨੇ ਆਪਣੀ ਮਾਂ ਰਾਹੀਂ ਅਮਿਤ ਦਾ ਘਰ ਆਉਣਾ-ਜਾਣਾ ਬੰਦ ਕਰਵਾ ਦਿੱਤਾ ਸੀ। ਇਸ ਲਈ ਦੋਹਾਂ ਨੇ ਮਿਲ ਕੇ ਪਤੀ ਅਤੇ ਉਸ ਦੀ ਮਾਂ ਨੂੰ ਰਸਤੇ ਤੋਂ ਹਟਾਉਣ ਦਾ ਫੈਸਲਾ ਕੀਤਾ।

ਪੁਲਸ ਅਨੁਸਾਰ ਯੋਜਨਾ ਅਨੁਸਾਰ 8 ਅਗਸਤ ਦੀ ਰਾਤ ਰਾਜ ਨੇ ਸਬਜ਼ੀ 'ਚ ਨੀਂਦ ਦੀਆਂ ਗੋਲੀਆਂ ਪਾ ਕੇ ਪਤੀ ਅਤੇ ਸੱਸ ਨੂੰ ਖਾਣਾ ਖੁਆਇਆ। ਬਾਅਦ 'ਚ ਕਰੀਬ ਸਵਾ ਇਕ ਵਜੇ ਅਮਿਤ ਉੱਥੇ ਪਹੁੰਚਿਆ। ਘਰ ਦੇ ਸੀ.ਸੀ.ਟੀ.ਵੀ. ਕੈਮਰੇ ਦੇ ਤਾਰ ਪਹਿਲਾਂ ਹੀ ਕੱਟ ਦਿੱਤੇ ਗਏ ਸਨ। ਦੋਹਾਂ ਨੇ ਮਿਲ ਕੇ ਲੋਹੇ ਦੀ ਛੜੀ ਨਾਲ ਕੁੱਟ-ਕੁੱਟ ਕੇ ਬਜ਼ੁਰਗ ਬੀਬੀ ਦਾ ਕਤਲ ਕੀਤਾ ਅਤੇ ਚੋਰੀ ਦੇ ਨਾਟਕ ਲਈ ਗਹਿਣੇ ਅਤੇ ਕੁਝ ਸਾਮਾਨ ਚੁਰਾਇਆ। ਪੁਲਸ ਅਨੁਸਾਰ ਦੋਹਾਂ ਨੂੰ ਸ਼ਨੀਵਾਰ ਨੂੰ ਕੋਰਟ 'ਚ ਪੇਸ਼ ਕਰ ਕੇ ਇਕ ਦਿਨ ਦੀ ਰਿਮਾਂਡ 'ਤੇ ਲਿਆ ਗਿਆ ਅਤੇ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਮਕਾਨ ਦੇ ਸਟੋਰ 'ਚ ਹੀ ਲੁਕਾਇਆ ਹਥਿਆਰ, ਵਾਇਰ ਕੱਟਰ, ਇਕ ਮੋਬਾਇਲ ਅਤੇ ਅਮਿਤ ਦੇ ਮਕਾਨ ਤੋਂ ਗਹਿਣੇ ਬਰਾਮਦ ਕੀਤੇ ਗਏ। ਸੋਮਵਾਰ ਨੂੰ ਦੋਹਾਂ ਨੂੰ ਫਿਰ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੋਂ ਦੋਹਾਂ ਨੂੰ ਨਿਆਇਕ ਹਿਰਾਸਤ 'ਚ ਭੇਜਣ ਦਾ ਆਦੇਸ਼ ਦਿੱਤਾ ਗਿਆ।


author

DIsha

Content Editor

Related News