ਬੇਦਰਦੀ ਦੀ ਇੰਤਹਾਅ: ਪਤਨੀ ਨੂੰ ਡੇਢ ਸਾਲ ਤੱਕ ਗੁਸਲਖ਼ਾਨੇ ਅੰਦਰ ਰੱਖਿਆ ਬੰਦ, ਹਾਲਤ ਜਾਣ ਆਵੇਗਾ ਰੋਣਾ
Wednesday, Oct 14, 2020 - 04:07 PM (IST)
ਪਾਨੀਪਤ- ਹਰਿਆਣਾ ਦੇ ਪਾਨੀਪਤ 'ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਤੀ ਨੇ ਆਪਣੀ ਪਤਨੀ ਨੂੰ ਡੇਢ ਸਾਲ ਤੱਕ ਘਰ ਦੇ ਗੁਸਲਖ਼ਾਨੇ 'ਚ ਬੰਦ ਕਰ ਕੇ ਰੱਖਿਆ। ਇੰਨਾ ਹੀ ਨਹੀਂ ਉਸ 'ਤੇ ਕਈ ਤਰ੍ਹਾਂ ਨਾਲ ਤਸੀਹੇ ਵੀ ਦਿੱਤੇ। ਪਾਨੀਪਤ ਦੇ ਪਿੰਡ ਰਿਸਪੁਰ 'ਚ ਇਕ ਪਤੀ ਨੇ ਆਪਣੀ ਪਤਨੀ ਨੂੰ ਲਗਭਗ ਡੇਢ ਸਾਲ ਤੋਂ ਗੁਸਲਖ਼ਾਨੇ 'ਚ ਬੰਧਕ ਬਣਾ ਕੇ ਰੱਖਿਆ ਹੋਇਆ ਸੀ ਅਤੇ ਉਸ ਨੂੰ 15 ਤੋਂ 20 ਦਿਨਾਂ ਬਾਅਦ ਇਕ ਵਾਰ ਬਾਹਰ ਕੱਢਦੇ ਸਨ। ਜਦੋਂ ਉਹ ਕੁਝ ਕਹਿੰਦੀ ਸੀ ਤਾਂ ਕੁੱਟਮਾਰ ਕਰ ਕੇ ਫਿਰ ਉਸ ਨੂੰ ਬੰਦ ਕਰ ਦਿੰਦੇ ਸਨ। ਮਾਮਲੇ ਦੀ ਸੂਚਨਾ ਪ੍ਰੋਟੈਕਸ਼ਨ ਅਫ਼ਸਰ ਤੱਕ ਪਹੁੰਚੀ ਤਾਂ ਉਸ ਨੇ ਆਪਣੀ ਟੀਮ ਨਾਲ ਪਹੁੰਚ ਕੇ ਜਨਾਨੀ ਨੂੰ ਆਜ਼ਾਦ ਕਰਵਾਇਆ।
ਵਾਰ-ਵਾਰ ਟਾਇਲਟ ਕਰਨ 'ਤੇ ਗੁਸਲਖ਼ਾਨੇ 'ਚ ਕੀਤਾ ਬੰਦ
ਪ੍ਰੋਟੈਕਸ਼ਨ ਅਫ਼ਸਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਤੀ ਨੇ ਆਪਣੀ 35 ਸਾਲਾ ਪਤਨੀ ਨੂੰ ਘਰ ਦੇ ਹੀ ਗੁਸਲਖ਼ਾਨੇ 'ਚ ਕੈਦ ਕਰ ਰੱਖਿਆ ਹੈ। ਮਾਮਲੇ ਦਾ ਪਤਾ ਲੱਗਣ 'ਤੇ ਕਿਸੇ ਤਰ੍ਹਾਂ ਪ੍ਰੋਟੈਕਸ਼ਨ ਅਫ਼ਸਰ ਉਹ ਜਨਾਨੀ ਦੇ ਘਰ ਪਹੁੰਚੀ। ਪਤੀ ਘਰ 'ਚ ਦੋਸਤ ਨਾਲ ਸੀ। ਪਤਨੀ ਬਾਰੇ ਪੁੱਛਿਆ ਤਾਂ ਉਸ ਨੇ ਪਹਿਲੀ ਮੰਜ਼ਲ 'ਤੇ ਬਣੇ ਗੁਸਲਖ਼ਾਨੇ ਦਾ ਦਰਵਾਜ਼ਾ ਖੋਲ੍ਹ ਪਤਨੀ ਨੂੰ ਦਿਖਾਇਆ। ਜਨਾਨੀ ਦੀ ਸਥਿਤੀ ਤਰਸਯੋਗ ਸੀ ਅਤੇ ਪੂਰੇ ਸਰੀਰ 'ਤੇ ਟਾਇਲਟ ਲੱਗੀ ਸੀ। ਪਤੀ ਨੇ ਦੱਸਿਆ ਕਿ ਉਸ ਦੀ ਮਾਨਸਿਕ ਹਾਲਤ ਖ਼ਰਾਬ ਹੈ ਅਤੇ ਉਹ ਵਾਰ-ਵਾਰ ਟਾਇਲਟ ਕਰ ਦਿੰਦੀ ਹੈ, ਇਸ ਲਈ ਇਸ ਨੂੰ ਬੰਦ ਕਰ ਰੱਖਦੇ ਹਨ।
ਹਾਲਤ ਸੀ ਤਰਸਯੋਗ
ਮਾਮਲਾ ਐੱਸ.ਪੀ. ਦੇ ਨੋਟਿਸ 'ਚ ਵੀ ਲਿਆਂਦਾ ਗਿਆ ਹੈ। ਉੱਥੇ ਹੀ ਜਨਾਨੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਦੀ ਉਸ ਦੀ ਮਾਂ ਕੋਲ ਭੇਜ ਦਿੱਤਾ ਹੈ। ਨੇੜੇ-ਤੇੜੇ ਦੇ ਗੁਆਂਢੀਆਂ ਤੋਂ ਪੁੱਛਣ ਤੋਂ ਬਾਅਦ ਪਤਾ ਲੱਗਾ ਕਿ ਜਨਾਨੀ ਨੂੰ ਉਸ ਦਾ ਪਤੀ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿੰਦਾ ਸੀ। ਪ੍ਰੋਟੈਕਸ਼ਨ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ 'ਤੇ ਇਹ ਕਾਰਵਾਈ ਕੀਤੀ ਗਈ ਹੈ। ਜਨਾਨੀ ਦੇ ਸਰੀਰ 'ਤੇ ਸੱਟ ਲੱਗੀ ਸੀ, ਹਾਲਤ ਇਕਦਮ ਤਰਸਯੋਗ ਸੀ, ਉਹ ਤੁਰਨ-ਫਿਰਨ ਦੀ ਹਾਲਤ 'ਚ ਵੀ ਨਹੀਂ ਸੀ।
ਇੰਨੀ ਭੁੱਖ ਲੱਗੀ ਸੀ ਕਿ ਖਾ ਗਈ 8 ਰੋਟੀਆਂ
ਪਤੀ ਦਾ ਕਹਿਣਾ ਸੀ ਕਿ ਪਤਨੀ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ, ਇਸ ਲਈ ਉਸ ਨੂੰ ਗੁਸਲਖ਼ਾਨੇ 'ਚ ਬੰਦ ਕਰ ਰੱਖਿਆ ਗਿਆ ਸੀ। ਜਨਾਨੀ ਨੂੰ ਖਾਣਾ ਵੀ ਕਦੇ-ਕਦੇ ਦਿੱਤਾ ਜਾਂਦਾ ਸੀ, ਜਦੋਂ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਪਿੰਡ ਦੀ ਜਨਾਨੀ ਹੀ ਉਸ ਨੂੰ ਚੁੱਕ ਕੇ ਬਾਹਰ ਲੈ ਕੇ ਆਈ। ਉਹ ਤੁਰਨ 'ਚ ਨਾਕਾਮ ਸੀ। ਜਨਾਨੀ ਨੂੰ ਉਸ ਸਮੇਂ ਇੰਨੀ ਭੁੱਖ ਲੱਗੀ ਸੀ ਕਿ ਉਸ ਨੇ 2 ਕੱਪ ਚਾਹ ਪੀਤੀ ਅਤੇ 8 ਰੋਟੀਆਂ ਖਾ ਗਈ।