ਅੱਧੀ ਕੀਮਤ ''ਤੇ ਸੋਨਾ ਦੇਣ ਅਤੇ ਰੁਪਏ ਦੁੱਗਣੇ ਕਰਨ ਦਾ ਝਾਂਸਾ ਦੇ ਕੇ 1 ਕਰੋੜ ਰੁਪਏ ਤੋਂ ਵੱਧ ਦੀ ਠੱਗੀ

Monday, Aug 31, 2020 - 05:35 PM (IST)

ਅੱਧੀ ਕੀਮਤ ''ਤੇ ਸੋਨਾ ਦੇਣ ਅਤੇ ਰੁਪਏ ਦੁੱਗਣੇ ਕਰਨ ਦਾ ਝਾਂਸਾ ਦੇ ਕੇ 1 ਕਰੋੜ ਰੁਪਏ ਤੋਂ ਵੱਧ ਦੀ ਠੱਗੀ

ਹਿਸਾਰ- ਹਰਿਆਣਾ 'ਚ ਇੱਥੇ ਅਰਬਨ ਐਸਟੇਟ-2 ਦੇ ਇਕ ਵਾਸੀ ਤੋਂ ਗੋਲਡ ਕੰਪਨੀ 'ਚ ਨਿਵੇਸ਼ ਕਰ ਕੇ ਰਕਮ ਦੁੱਗਣੀ ਕਰਨ ਦੇ ਨਾਂ 'ਤੇ ਇਕ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਕੀਤੀ ਗਈ ਹੈ ਅਤੇ ਇਸ ਸਿਲਸਿਲੇ 'ਚ ਕੰਪਨੀ ਅਤੇ 2 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਥਾਨਕ ਸੈਕਟਰ-13 ਵਾਸੀ ਦੇਸ਼ਪਾਲ ਦੀ ਸ਼ਿਕਾਇਤ 'ਤੇ ਦੋਸ਼ੀ ਹਿਸਾਰ ਵਾਸੀ ਸੋਮਬੀਰ ਪੂਨੀਆ, ਗੁਰੂਗ੍ਰਾਮ ਵਾਸੀ ਸੁਧੀਰ ਰਾਵ ਅਤੇ ਉਸ ਦੀ ਕੰਪਨੀ ਮੈਂਡੋਲਿਨ ਜਿਊਲਰਜ਼ ਵਿਰੁੱਧ ਧੋਖਾਧੜੀ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੂਨੀਆ ਵਿਰੁੱਧ ਪਹਿਲਾਂ ਤੋਂ ਹੀ ਇਕ ਹੋਰ ਕੰਪਨੀ ਆਰ.ਐੱਮ.ਐੱਲ. ਦੇ ਨਾਂ 'ਤੇ ਕਈ ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਦਰਜ ਹੈ। ਦੇਸ਼ਪਾਲ ਅਨੁਸਾਰ ਉਹ ਪੋਲਟਰੀ ਫਾਰਮ ਦਾ ਕੰਮ ਕਰਦਾ ਹੈ। ਸਾਲ 2019 'ਚ ਉਸ ਦੀ ਮੁਲਾਕਾਤ ਪੂਨੀਆ ਨਾਲ ਹੋਈ ਸੀ, ਜਿਸ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦੇ ਪ੍ਰਬੰਧਕ ਡਾਇਰੈਕਟਰ ਸੁਧੀਰ ਰਾਵ ਨੇ ਉਸ ਦੀ ਗੱਲ ਕਰਵਾਈ, ਜਿਸ 'ਤੇ ਉਸ ਨੂੰ ਕੰਪਨੀ 'ਚ ਨਿਵੇਸ਼ ਕਰਨ 'ਤੇ ਮੋਟਰਸਾਈਕਲ ਅਤੇ ਕਾਰਾਂ ਬੋਨਸ 'ਚ ਦੇਣ ਦੇ ਸੁਫ਼ਨੇ ਦਿਖਾਏ ਗਏ। ਇਸ ਤੋਂ ਬਾਅਦ ਕੰਪਨੀ 'ਚ 15 ਮਈ 2019 ਨੂੰ 5 ਲੱਖ ਰੁਪਏ ਅਤੇ ਅਗਲੇ ਮਹੀਨੇ 60 ਲੱਖ ਰੁਪਏ ਨਿਵੇਸ਼ ਕੀਤੇ।

ਉਸ ਨੇ ਆਪਣੇ ਦੋਸਤ ਰਾਜੇਸ਼ ਮਲਿਕ ਤੋਂ 10 ਲੱਖ ਰੁਪਏ ਅਤੇ ਪੀਊਸ਼ ਤੋਂ ਵੀ 5 ਲੱਖ ਰੁਪਏ ਦਾ ਕੰਪਨੀ 'ਚ ਨਿਵੇਸ਼ ਕਰ ਦਿੱਤਾ। ਰੁਪਏ ਨਿਵੇਸ਼ ਕਰਨ 'ਤੇ ਜਦੋਂ ਉਸ ਨੇ ਅੱਧੀ ਰਕਮ ਦਾ ਸੋਨਾ ਮੰਗਿਆ ਤਾਂ ਪੂਨੀਆ ਨੇ ਕਿਹਾ ਕਿ ਸੋਨਾ ਕੰਪਨੀ ਦੇ ਮੁੱਖ ਦਫ਼ਤਰ ਗੁਰੂਗ੍ਰਾਮ ਤੋਂ ਲਿਆਉਣਾ ਪਵੇਗਾ ਅਤੇ ਇਸ ਤੋਂ ਪਹਿਲਾਂ ਕੰਪਨੀ 'ਚ 17 ਲੱਖ ਰੁਪਏ ਹੋਰ ਜਮ੍ਹਾ ਕਰਵਾਉਣੇ ਹੋਣਗੇ। ਦੇਸ਼ਪਾਲ ਅਨੁਸਾਰ ਉਸ ਨੇ ਸੋਮਬੀਰ ਨੂੰ 17 ਲੱਖ ਰੁਪਏ ਹੋਰ ਨਕਦ ਦੇ ਦਿੱਤੇ ਅਤੇ ਉਹ ਅਤੇ ਉਸ ਦਾ ਦੋਸਤ ਰਾਜੇਸ਼ ਮਲਿਕ ਸੋਨਾ ਲਿਆਉਣ ਕੰਪਨੀ ਦੇ ਦਫ਼ਤਰ ਗਏ ਤਾਂ ਉੱਥੇ ਦੋਸ਼ੀ ਸੁਧੀਰ ਰਾਵ ਨੇ ਉਨ੍ਹਾਂ ਨੂੰ ਧੱਕਾ ਦੇ ਕੇ ਬਾਹਰ ਕੱਢਵਾ ਦਿੱਤਾ। ਇਸ ਤੋਂ ਬਾਅਦ ਪੂਨੀਆ ਨੇ ਆਪਣਾ ਮੋਬਾਇਲ ਨੰਬਰ ਬੰਦ ਕਰ ਦਿੱਤਾ। ਦੇਸ਼ਵਾਸ ਅਨੁਸਾਰ ਉਸ ਨੂੰ ਜਦੋਂ ਪਤਾ ਲੱਗਾ ਕਿ ਪੂਨੀਆ ਵਿਰੁੱਧ ਇਸ ਤਰ੍ਹਾਂ ਫਰਜ਼ੀ ਕੰਪਨੀਆਂ ਦੇ ਨਾਂ 'ਤੇ ਧੋਖਾਧੜੀ ਕਰਨ ਦੇ ਕਈ ਮਾਮਲੇ ਦਰਜ ਹਨ ਤਾਂ ਉਸ ਨੂੰ ਉਨ੍ਹਾਂ ਨਾਲ ਕੀਤੀ ਧੋਖਾਧੜੀ ਦਾ ਖ਼ਦਸ਼ਾ ਹੋਇਆ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

DIsha

Content Editor

Related News