ਇੰਜੈਕਸ਼ਨ ਲਗਾਉਣ ਤੋਂ ਬਾਅਦ 7 ਮਹੀਨੇ ਦੇ ਬੱਚੇ ਦੀ ਮੌਤ, ਪਰਿਵਾਰ ਨੇ ਹਸਪਤਾਲ ’ਚ ਕੀਤੀ ਭੰਨ-ਤੋੜ
Monday, Apr 25, 2022 - 10:23 AM (IST)
ਫਰੀਦਾਬਾਦ– ਹਰਿਆਣਾ ਦੇ ਬੱਲਭਗੜ੍ਹ ਦੇ ਮੋਹਨਾ ਰੋਡ ’ਤੇ ਸਥਿਤ ਇਕ ਪ੍ਰਾਈਵੇਟ ਹਸਪਤਾਲ ’ਚ ਗਲਤ ਇੰਜੈਕਸ਼ਨ ਲਾਉਣ ਦੀ ਵਜ੍ਹਾ ਨਾਲ 7 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਡਾਕਟਰ ਦੀ ਲਾਪ੍ਰਵਾਹੀ ਤੋਂ ਗੁੱਸੇ ’ਚ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ’ਚ ਭੰਨ-ਤੋੜ ਕਰ ਦਿੱਤੀ। ਪਰਿਵਾਰ ਪਿਛਲੇ ਤਿੰਨ ਦਿਨਾਂ ਤੋਂ ਇਸ ਨਰਸਿੰਗ ਹੋਮ ’ਚ ਬੱਚੇ ਦਾ ਇਲਾਜ ਕਰਵਾ ਰਹੇ ਸਨ।
ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਵਾਰ-ਵਾਰ ਮਨਾ ਕਰਨ ਦੇ ਬਾਵਜੂਦ ਬੱਚੇ ਨੂੰ ਇੰਜੈਕਸ਼ਨ ਲਾ ਦਿੱਤਾ ਗਿਆ। ਮਾਂ ਨੇ ਦੱਸਿਆ ਕਿ ਇੰਜੈਕਸ਼ਨ ਲੱਗਣ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ। ਇਸ ਪੂਰੇ ਮਾਮਲੇ ਦੀ ਜਾਂਚ ਮੌਕੇ ’ਤੇ ਪੁੱਜੀ ਪੁਲਸ ਨੇ ਕੀਤੀ। ਇਸ ਦੇ ਨਾਲ ਹੀ ਇਸ ਪੂਰੇ ਮਾਮਲੇ ਦੀ ਜਾਂਚ ਬੋਰਡ ਜ਼ਰੀਏ ਕਰਵਾਉਣ ਦੀ ਗੱਲ ਕਹਿ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਜੇਕਰ ਬੋਰਡ ਵਲੋਂ ਕੀਤੀ ਗਈ ਜਾਂਚ ’ਚ ਹਸਪਤਾਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਇਹ ਹਸਪਤਾਲ ਪਹਿਲਾਂ ਵੀ ਕਈ ਵਾਰ ਵਿਵਾਦਾਂ ’ਚ ਰਿਹਾ ਹੈ।
ਪੁਲਸ ਨੂੰ ਦਿੱਤੀ ਮਾਤਾ-ਪਿਤਾ ਦੀ ਰਿਪੋਰਟ ਮਗਰੋਂ ਨਰਸਿੰਗ ਹੋਮ ਦੇ ਡਾਕਟਰ ਅਤੇ ਮਹਿਲਾ ਨਰਸਿੰਗ ਸਟਾਫ਼ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੱਚੇ ਦੀ ਮੌਤ ਤੋਂ ਬਾਅਦ ਹਸਪਤਾਲ ਦਾ ਮੈਡੀਕਲ ਅਤੇ ਮਹਿਲਾ ਨਰਸਿੰਗ ਸਟਾਫ਼ ਫਰਾਰ ਹੈ। ਪੁਲਸ ਦਾ ਕਹਿਣਾ ਹੈ ਕਿ ਹਸਪਤਾਲ ਖਿਲਾਫ ਰਿਪੋਰਟ ਦਰਜ ਕਰ ਲਈ ਗਈ ਹੈ। ਜਾਂਚ ਤੋਂ ਬਾਅਦ ਹੀ ਕੁਝ ਸਾਹਮਣੇ ਆ ਸਕੇਗਾ ਕਿ ਬੱਚੇ ਦੀ ਮੌਤ ਕਿਵੇਂ ਹੋਈ।