ਹਰਿਆਣਾ: ਫਤਿਹਾਬਾਦ ਜ਼ਿਲ੍ਹੇ ਦੇ ਪਿੰਡਾਂ ’ਚ ਠੀਕਰੀ ਪਹਿਰਾ ਲਾਉਣ ਦੇ ਹੁਕਮ
Saturday, May 01, 2021 - 05:57 PM (IST)
ਸਿਰਸਾ— ਹਰਿਆਣਾ ’ਚ ਫਤਿਹਾਬਾਦ ਦੇ ਕੁਲੈਕਟਰ ਅਤੇ ਡਿਪਟੀ ਕਮਿਸ਼ਨਰ ਡਾ. ਮਨੀਸ਼ ਨਾਗਪਾਲ ਨੇ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਠੀਕਰੀ ਪਹਿਰਾ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਡਾ. ਨਾਗਪਾਲ ਨੇ ਹੁਕਮ ਵਿਚ ਕਿਹਾ ਕਿ ਸਬੰਧਤ ਡਵੀਜ਼ਨ ਵਿਕਾਸ ਅਤੇ ਪੰਚਾਇਤ ਅਧਿਕਾਰੀ ਬਿਹਤਰ ਤਾਲਮੇਲ ਨਾਲ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਕਰਨਗੇ ਅਤੇ ਰੋਜ਼ਾਨਾ ਇਸ ਦੀ ਰਿਪੋਰਟ ਕਮਿਸ਼ਨਰ ਦਫ਼ਤਰ ’ਚ ਦੇਣਗੇ। ਇਸ ਤੋਂ ਇਲਾਵਾ ਜੇਕਰ ਕੋਈ ਅਣਹੋਣੀ ਘਟਨਾ ਜਾਂ ਗਤੀਵਿਧੀ ਹੁੰਦੀ ਹੈ ਜਾਂ ਕੋਈ ਸ਼ੱਕੀ ਵਿਅਕਤੀ ਪਿੰਡ ’ਚ ਐਂਟਰੀ ਕਰਦਾ ਪਾਇਆ ਜਾਂਦਾ ਹੈ ਤਾਂ ਇਸ ਦੀ ਸੂਚਨਾ ਨੇੜੇ ਦੇ ਥਾਣੇ ਵਿਚ ਦਿੱਤੀ ਜਾਵੇ।
ਲੋਕਾਂ ਨੂੰ ਮਾਸਕ ਲਾਉਣ ਪ੍ਰਤੀ ਜਾਗਰੂਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਗੈਰ-ਜ਼ਰੂਰੀ ਇਕੱਠ ਵਾਲੀਆਂ ਥਾਵਾਂ ’ਤੇ ਜਾਣ ਤੋਂ ਰੋਕਿਆ ਜਾਵੇ। ਸਰਪੰਚ ਆਪਣੇ-ਆਪਣੇ ਪਿੰਡਾਂ ਵਿਚ ਸਿਹਤਮੰਦ ਨੌਜਵਾਨਾਂ ਦੀ ਠੀਕਰੀ ਪਹਿਰਾ ਲਈ ਡਿਊਟੀ ਲਾਉਣ ਅਤੇ ਹੋਰ ਸੂਬਿਆਂ ਤੋਂ ਆਉਣ ਵਾਲੇ ਲੋਕਾਂ ’ਤੇ ਨਜ਼ਰ ਰੱਖਣ ਅਤੇ ਸਿਹਤ ਮਹਿਕਮੇ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਉਣ।