ਹਰਿਆਣਾ ਦੀ ਕੁੜੀ ਨੇ ਰੌਸ਼ਨ ਕੀਤਾ ਭਾਰਤ ਦਾ ਨਾਂ, ਅਮਰੀਕੀ ਕੰਪਨੀ ’ਚ ਬਣੀ ਸਾਫ਼ਟਵੇਅਰ ਇੰਜੀਨੀਅਰ
Sunday, Dec 05, 2021 - 04:20 PM (IST)
ਚਰਖੀ ਦਾਦਰੀ (ਨਰੇਂਦਰ)— ਅੱਜ ਦੇ ਸਮੇਂ ਵਿਚ ਧੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ। ਹਰ ਖੇਤਰ ’ਚ ਵੱਧ-ਚੜ੍ਹ ਕੇ ਹਿੱਸਾ ਲੈ ਰਹੀਆਂ ਹਨ, ਚਾਹੇ ਉਹ ਰੱਖਿਆ ਖੇਤਰ ਹੋਵੇ ਜਾਂ ਖੇਡ ਦਾ। ਚਾਹੇ ਗੱਲ ਕਾਰੋਬਾਰ ਦੀ ਹੋਵੇ ਜਾਂ ਫਿਰ ਕਾਰਪੋਰੇਟ ਜਗਤ ਦੀ, ਅੱਜ ਹਰ ਖੇਤਰ ’ਚ ਧੀਆਂ ਅੱਗੇ ਵਧ ਰਹੀਆਂ ਹਨ। ਅਜਿਹੀ ਹੀ ਇਕ ਮਿਸਾਲ ਪੇਸ਼ ਕੀਤੀ ਹੈ, ਹਰਿਆਣਾ ਦੇ ਦਾਦਰੀ ਦੀ ਧੀ ਮੁਸਕਾਨ ਗਰਗ ਨੇ। ਮਹਿਜ 22 ਸਾਲ ਦੀ ਮੁਸਕਾਨ ਗਰਗ ਨੂੰ ਹਾਲ ਹੀ ’ਚ ਅਮਰੀਕਾ ਦੀ ਕੰਪਨੀ ਉਬਰ ਟੈਕਨੋਲਾਜਿਜ ਨੇ 2.08 ਕਰੋੜ ਰੁਪਏ ਦੇ ਸਾਲਾਨਾ ਪੈਕੇਜ ਦਾ ਆਫ਼ਰ ਦਿੱਤਾ ਹੈ। ਮੁਸਕਾਨ ਦੀ ਚੋਣ ਸਾਫਟਵੇਅਰ ਇੰਜੀਨੀਅਰ ਅਹੁਦੇ ’ਤੇ ਹੋਈ ਹੈ।
ਫ਼ਿਲਹਾਲ ਮੁਸਕਾਨ ਆਈ. ਆਈ. ਟੀ. ਕਾਨਪੁਰ ’ਚ ਬੀ. ਟੈਕ ਦੀ ਵਿਦਿਆਰਥਣ ਹੈ। ਸਾਲ 2022 ਵਿਚ ਉਸ ਨੇ ਬੀ. ਟੈਕ ਦੀ ਡਿਗਰੀ ਮਿਲ ਜਾਵੇਗੀ। ਮੁਸਕਾਨ ਦੇ ਪਿਤਾ ਅਨਿਲ ਗਰਗ ਪੇਸ਼ੇ ਤੋਂ ਚਾਰਟਰਡ ਅਕਾਊਂਟੇਂਟ ਹਨ। ਉਹ ਪਿਛਲੇ ਸਮੇਂ ਤੋਂ ਪਰਿਵਾਰ ਸਮੇਤ ਛੱਤੀਸਗੜ੍ਹ ਦੇ ਜਗਦਲਪੁਰ ’ਚ ਰਹਿੰਦੇ ਹਨ। ਮੁਸਕਾਨ ਦੀ ਮੁੱਢਲੀ ਸਿੱਖਿਆ ਵੀ ਜਗਦਲਪੁਰ ਵਿਚ ਹੀ ਹੋਈ। 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਮੁਸਕਾਨ ਦਾ ਦਾਖ਼ਲਾ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ, ਆਈ. ਆਈ. ਟੀ. ਕਾਨਪੁਰ ਵਿਚ ਬੀ. ਟੈਕ ਕੋਰਸ ’ਚ ਹੋਇਆ ਸੀ। ਇੰਟਰਵਿਊ ਦੌਰਾਨ ਮੁਸਕਾਨ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਅਮਰੀਕਾ ਦੀ ਕੰਪਨੀ ਨੇ ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਪੈਕੇਜ ਆਫ਼ਰ ਕਰ ਦਿੱਤਾ ਹੈ। ਮੁਸਕਾਨ ਦੀ ਇਸ ਉਪਲੱਬਧੀ ’ਤੇ ਉਨ੍ਹਾਂ ਦੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।
ਓਧਰ ਮੁਸਕਾਨ ਦੇ ਪਿਤਾ ਅਨਿਲ ਗਰਗ ਨੇ ਕਿਹਾ ਕਿ ਮਿਹਨਤ ਦਾ ਕੋਈ ਬਦਲ ਨਹੀਂ ਹੈ। ਇਨਸਾਨ ਘੱਟ ਸਾਧਨਾਂ ’ਚ ਵੀ ਸਖ਼ਤ ਮਿਹਨਤ ਕਰ ਕੇ ਆਪਣੇ ਟੀਚੇ ਨੂੰ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਛੱਤੀਸਗੜ੍ਹ ਵਿਚ ਨਕਸਲ ਪ੍ਰਭਾਵਿਤ ਖੇਤਰ ’ਚ ਰਹਿਣ ਦੇ ਬਾਵਜੂਦ ਉਨ੍ਹਾਂ ਦੀ ਧੀ ਨੇ ਪੜ੍ਹਾਈ ਅਤੇ ਮਿਹਨਤ ਨਾਲ ਕੋਈ ਸਮਝੌਤਾ ਨਹੀਂ ਕੀਤਾ। ਇਸ ਦਾ ਹੀ ਨਤੀਜਾ ਹੈ ਕਿ ਉਨ੍ਹਾਂ ਦੀ ਧੀ ਨੂੰ ਇੰਨਾ ਵੱਡਾ ਪੈਕੇਜ ਮਿਲਿਆ ਹੈ। ਧੀ ਦੀ ਇਸ ਉਪਲੱਬਧੀ ’ਚ ਉਨ੍ਹਾਂ ਦੀ ਪਤਨੀ ਉਮਾ ਗਰਗ ਦਾ ਵੀ ਖ਼ਾਸ ਯੋਗਦਾਨ ਰਿਹਾ ਹੈ।