ਹਰਿਆਣਾ: ਨੂੰਹ-ਸੱਸ ਦੇ ਝਗੜੇ ਮਗਰੋਂ ਪਤੀ ਨੇ ਪਤਨੀ ''ਤੇ ਚਲਾਈਆਂ ਗੋਲੀਆਂ
Wednesday, Aug 17, 2022 - 05:37 PM (IST)

ਜੀਂਦ– ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਜੁਲਾਨਾ ਸ਼ਹਿਰ ’ਚ ਇਕ ਵਿਅਕਤੀ ਵਲੋਂ ਪਤਨੀ ’ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਘਟਨਾ ’ਚ ਪਤਨੀ ਵਾਲ-ਵਾਲ ਬਚ ਗਈ। ਪੁਲਸ ਮੁਤਾਬਕ ਵਿਅਕਤੀ ਵਲੋਂ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਸੱਸ ਅਤੇ ਨੂੰਹ ’ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਪੁਲਸ ਨੇ ਇਸ ਘਟਨਾ ਬਾਬਤ ਦੱਸਿਆ ਕਿ ਪਤਨੀ ਦੀ ਸ਼ਿਕਾਇਤ ਦੇ ਆਧਾਰ ’ਤੇ ਜੁਲਾਨਾ ਥਾਣੇ ’ਚ ਪਤੀ ਖ਼ਿਲਾਫ ਆਈ. ਪੀ. ਐੱਸ. ਤਹਿਤ ਜਾਨਲੇਵਾ ਹਮਲਾ ਕਰਨ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਮਗਰੋਂ ਦੋਸ਼ੀ ਫਰਾਰ ਹੈ।
ਪੁਲਸ ਨੇ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਜੁਲਾਨਾ ਦੇ ਵਾਰਡ ਨੰਬਰ 9 ਦੇ ਰਹਿਣ ਵਾਲੇ ਮਨੋਜ ਦੀ ਪਤਨੀ ਸੀਮਾ ਦਾ ਬੀਤੀ ਰਾਤ ਆਪਣੀ ਸੱਸ ਨਿਰਮਲਾ ਨਾਲ ਝਗੜਾ ਹੋ ਗਿਆ ਸੀ। ਇਸ ਦੌਰਾਨ ਪਤੀ ਮਨੋਜ ਵੀ ਮੌਕੇ 'ਤੇ ਪਹੁੰਚ ਗਿਆ ਅਤੇ ਉਸ ਨੇ ਆਪਣੇ ਕੋਲ ਮੌਜੂਦ ਬੰਦੂਕ ਨਾਲ ਸੀਮਾ 'ਤੇ ਦੋ ਗੋਲੀਆਂ ਚਲਾਈਆਂ। ਹਾਲਾਂਕਿ, ਸੀਮਾ ਬਚ ਗਈ ਕਿਉਂਕਿ ਦੋਸ਼ੀ ਦਾ ਨਿਸ਼ਾਨਾ ਤੋਂ ਖੁੰਝ ਗਿਆ। ਥਾਣਾ ਜੁਲਾਨਾ ਦੇ ਜਾਂਚ ਅਧਿਕਾਰੀ ਅਨਿਲ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਦੋਸ਼ੀ ਪਤੀ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।