ਹੁਣ ਇਕ ਨੇਤਾ ਜੀ ਨੇ 'ਹਨੂੰਮਾਨ' ਨੂੰ ਕਿਹਾ ਠਾਕੁਰ ਤੇ ਦੂਜੇ ਨੇ ਕਿਸਾਨ
Monday, Dec 24, 2018 - 10:21 AM (IST)

ਲਖਨਊ— ਭਗਵਾਨ ਹਨੂੰਮਾਨ ਜੀ ਦੀ ਜਾਤੀ ਦੱਸਣ ਨੂੰ ਲੈ ਕੇ ਨੇਤਾਵਾਂ 'ਚ ਹੋੜ ਲੱਗੀ ਦਿੱਸ ਰਹੀ ਹੈ। ਦਲਿਤ, ਮੁਸਲਮਾਨ, ਆਦਿਵਾਸੀ, ਗੁਲਾਮ ਅਤੇ ਜਾਟ ਤੋਂ ਬਾਅਦ ਹੁਣ ਹਨੂੰਮਾਨ ਜੀ ਠਾਕੁਰ ਅਤੇ ਕਿਸਾਨ ਵੀ ਹੋ ਗਏ ਹਨ। ਯੂ.ਪੀ. ਸਰਕਾਰ ਦੇ ਦਰਜਾ ਪ੍ਰਾਪਤ ਮੰਤਰੀ ਰਘੂਰਾਜ ਸਿੰਘ ਨੇ ਭਗਵਾਨ ਹਨੂੰਮਾਨ ਨੂੰ ਠਾਕੁਰ ਦੱਸਿਆ ਹੈ। ਉੱਥੇ ਹੀ ਲੋਕਦਲ ਦੇ ਰਾਸ਼ਟਰੀ ਪ੍ਰਧਾਨ ਸੁਨੀਲ ਸਿੰਘ ਨੇ ਉਨ੍ਹਾਂ ਨੂੰ ਕਿਸਾਨ ਕਰਾਰ ਦਿੱਤਾ ਹੈ। ਮਥੁਰਾ 'ਚ ਰਘੂਰਾਜ ਸਿੰਘ ਨੇ ਕਿਹਾ ਕਿ ਭਗਵਾਨ ਰਾਮ ਅਤੇ ਕ੍ਰਿਸ਼ਨ ਵੀ ਠਾਕੁਰ ਸਨ ਅਤੇ ਜ਼ਿਆਦਾਤਰ ਰਿਸ਼ੀ ਮੁੰਨੀ ਵੀ ਠਾਕੁਰ ਸਨ। ਉਨ੍ਹਾਂ ਨੇ ਕਿਹਾ ਕਿ ਹਨੂੰਮਾਨ ਜੀ ਵੀ ਠਾਕੁਰ ਸਨ। ਸਿੰਘ ਨੇ ਇਸ ਦੌਰਾਨ ਠਾਕੁਰ ਦੀ ਪਰਿਭਾਸ਼ਾ ਵੀ ਦੱਸੀ। ਉਨ੍ਹਾਂ ਨੇ ਕਿਹਾ ਕਿ ਜੋ ਤਿਆਗ, ਤਪੱਸਿਆ ਅਤੇ ਬਲੀਦਾਨ ਕਰੇ, ਉਹੀ ਠਾਕੁਰ ਹੈ।
ਦੂਜੇ ਪਾਸੇ ਲੋਕਦਲ ਦੇ ਰਾਸ਼ਟਰੀ ਪ੍ਰਧਾਨ ਸੁਨੀਲ ਸਿੰਘ ਨੇ ਅਲੀਗੜ੍ਹ 'ਚ ਮੀਡੀਆ ਕਰਮਚਾਰੀਆਂ ਨਾਲ ਗੱਲ ਕਰਦੇ ਹੋਏ ਹਨੂੰਮਾਨ ਜੀ ਨੂੰ ਕਿਸਾਨ ਦੱਸਿਆ। ਸਿੰਘ ਨੇ ਕਿਹਾ,''ਹਨੂੰਮਾਨ ਜੀ ਕਿਸਾਨ ਸਨ, ਜਿਨ੍ਹਾਂ ਨੇ ਧਨੀ ਰਾਵਣ ਦੇ ਖਿਲਾਫ ਲੜਾਈ ਲੜੀ।'' ਇਸ ਦੌਰਾਨ ਸਿੰਘ ਨੇ ਇਹ ਵੀ ਕਿਹਾ ਕਿ ਅੱਜ ਦੇ ਹਨੂੰਮਾਨਾਂ ਨੂੰ ਅੰਬਾਨੀ ਅਤੇ ਅਡਾਨੀ ਵਰਗੇ ਉਦਯੋਗਪਤੀਆਂ ਨਾਲ ਲੜਨਾ ਹੋਵੇਗਾ।
ਜ਼ਿਕਰਯੋਗ ਹੈ ਕਿ ਯੂ.ਪੀ. ਸਰਕਾਰ 'ਚ ਧਾਰਮਿਕ ਕਾਰਜ ਮੰਤਰੀ ਲਕਸ਼ਮੀ ਨਾਰਾਇਣ ਚੌਧਰੀ ਨੇ ਪਿਛਲੇ ਦਿਨੀਂ ਹਨੂੰਮਾਨ ਨੂੰ ਜਾਟ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੋ ਦੂਜਿਆਂ ਦੇ ਕੰਮ 'ਚ ਲੱਤ ਅੜਾਏ, ਉਹ ਜਾਟ ਹੀ ਹੋ ਸਕਦਾ ਹੈ। ਹਾਲਾਂਕਿ ਬਿਆਨ 'ਤੇ ਹੋਏ ਵਿਵਾਦ ਤੋਂ ਬਾਅਦ ਉਨ੍ਹਾਂ ਨੇ ਸਫ਼ਾਈ ਵੀ ਦਿੱਤੀ। ਇਸ ਤੋਂ ਪਹਿਲਾਂ ਭਾਜਪਾ ਐੱਮ.ਐੱਲ.ਸੀ. ਬੁੱਕਲ ਨਵਾਬ ਹਨੂੰਮਾਨ ਨੂੰ ਮੁਸਲਮਾਨ ਦੱਸ ਚੁਕੇ ਹਨ।
ਦੂਜੇ ਪਾਸੇ ਰਾਸ਼ਟਰੀ ਅਨੁਸੂਚਿਤ ਜਨਜਾਤੀ ਕਮਿਸ਼ਨ ਦੇ ਪ੍ਰਧਾਨ ਨੰਦ ਕੁਮਾਰ ਰਾਏ ਨੇ ਹਨੂੰਮਾਨ ਜੀ ਨੂੰ ਆਦਿਵਾਸੀ ਦੱਸ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਆਦਿਵਾਸੀਆਂ ਦਰਮਿਆਨ ਹਨੂੰਮਾਨ ਇਕ ਗੋਤਰ ਸੀ ਅਤੇ ਇਸ ਲਈ ਉਹ ਦਲਿਤ ਨਹੀਂ ਸਨ। ਦੂਜੇ ਪਾਸੇ ਭਾਜਪਾ ਤੋਂ ਅਸਤੀਫਾ ਦੇ ਚੁਕੀ ਬਹਿਰਾਈਚ ਤੋਂ ਸੰਸਦ ਮੈਂਬਰ ਸਾਵਿਤਰੀ ਬਾਈ ਫੁਲੇ ਨੇ ਪਿਛਲੇ ਦਿਨੀਂ ਵਿਵਾਦਪੂਰਨ ਬਿਆਨ ਦਿੰਦੇ ਹੋਏ ਇਹ ਤੱਕ ਕਹਿ ਦਿੱਤਾ ਸੀ ਕਿ ਭਗਵਾਨ ਹਨੂੰਮਾਨ ਮਨੁਵਾਦੀ ਲੋਕਾਂ ਦੇ ਗੁਲਾਮ ਸਨ।