ਹਨੂੰਮਾਨ ਚਾਲੀਸਾ ਵਿਵਾਦ: ਅਦਾਲਤ ਨੇ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਪਤੀ ਨੂੰ ਦਿੱਤੀ ਜ਼ਮਾਨਤ

Wednesday, May 04, 2022 - 01:44 PM (IST)

ਹਨੂੰਮਾਨ ਚਾਲੀਸਾ ਵਿਵਾਦ: ਅਦਾਲਤ ਨੇ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਪਤੀ ਨੂੰ ਦਿੱਤੀ ਜ਼ਮਾਨਤ

ਮੁੰਬਈ (ਭਾਸ਼ਾ)– ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਵਿਧਾਇਕ ਪਤੀ ਰਵੀ ਰਾਣਾ ਨੂੰ ਬੁੱਧਵਾਰ ਨੂੰ ਜ਼ਮਾਨਤ ਦੇ ਦਿੱਤੀ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਬਾਂਦਰਾ ਸਥਿਤ ਨਿੱਜੀ ਰਿਹਾਇਸ਼ ‘ਮਾਤੋਸ਼੍ਰੀ’ ਦੇ ਬਾਹਰ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦੀ ਜਨਤਕ ਘੋਸ਼ਣਾ ਤੋਂ ਪੈਦਾ ਹੋਏ ਵਿਵਾਦ ਮਗਰੋਂ ਨਵਨੀਤ ਰਾਣਾ ਅਤੇ ਉਨ੍ਹਾਂ ਪਤੀ ਨੂੰ 23 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਜੋੜੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁੰਬਈ ਯਾਤਰਾ ਦਾ ਹਵਾਲਾ ਦਿੰਦੇ ਹੋਏ ਠਾਕਰੇ ਦੀ ਨਿੱਜੀ ਰਿਹਾਇਸ਼ ਦੇ ਬਾਹਰ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਸੀ। 

ਓਧਰ ਮੁੰਬਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਆਰ. ਐੱਨ. ਰੋਕਡੇ ਨੇ ਬੁੱਧਵਾਰ ਨੂੰ ਰਾਣਾ ਜੋੜੇ ਨੂੰ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਕਿਹਾ ਕਿ ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਬਿਨੈਕਾਰ ਇਸ ਤਰ੍ਹਾਂ ਦੇ ਕਿਸੇ ਅਪਰਾਧ ਨੂੰ ਅੰਜ਼ਾਮ ਨਾ ਦੇਣ ਅਤੇ ਮਾਮਲੇ ਨਾਲ ਸਬੰਧਤ ਕਿਸੇ ਵੀ ਵਿਸ਼ੇ ’ਤੇ ਮੀਡੀਆ ਨਾਲ ਗੱਲਬਾਤ ਨਾ ਕਰਨ। 

ਪਟੀਸ਼ਨ ’ਚ ਕਿਹਾ ਗਿਆ ਕਿ ਰਾਣਾ ਜੋੜੇ ਦਾ ਮੁੱਖ ਮੰਤਰੀ ਦੀ ਨਿੱਜੀ ਰਿਹਾਇਸ਼ ਕੋਲ ਹਨੂੰਮਾਨ ਚਾਲੀਸਾ ਦਾ ਪਾਠ ਕਰ ਕੇ ਲੋਕਾਂ ਨੂੰ ਭੜਕਾਉਣ ਜਾਂ ਨਫ਼ਰਤ ਫੈਲਾਉਣ ਦਾ ਕੋਈ ਇਰਾਦਾ ਨਹੀਂ ਸੀ। ਨਾਲ ਹੀ ਪਟੀਸ਼ਨ ’ਚ ਕਿਹਾ ਗਿਆ ਕਿ ਬਿਨੈਕਾਰਾਂ ਨੇ ਜੋ ਕੀਤਾ, ਉਹ ਰਾਜ ਧਰੋਹ ਦਾ ਅਪਰਾਧ ਨਹੀਂ ਹੋ ਸਕਦਾ। ਪੁਲਸ ਨੇ ਦਾਅਵਾ ਕੀਤਾ ਕਿ ਸੂਬੇ ’ਚ ਵਿਰੋਧੀ ਪਾਰਟੀ ਭਾਜਪਾ ਅਤੇ ਊਧਵ ਠਾਕਰੇ ਦੇ ਸਿਆਸੀ ਵਿਰੋਧੀ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਮੁੱਖ ਮੰਤਰੀ ਹਿੰਦੂਆਂ ਦੇ ਖਿਲਾਫ ਹਨ। 


author

Tanu

Content Editor

Related News