ਬਦਮਾਸ਼ਾਂ ਨੇ ਫੈਕਟਰੀ ਮਾਲਕ ਤੋਂ 11 ਲੱਖ ਰੁਪਏ ਲੁੱਟੇ, ਫਿਰ ਕਾਰ 'ਚ ਬੰਦ ਕਰ ਕੇ ਜਿਊਂਦੇ ਸਾੜਿਆ

Thursday, Oct 08, 2020 - 01:51 PM (IST)

ਬਦਮਾਸ਼ਾਂ ਨੇ ਫੈਕਟਰੀ ਮਾਲਕ ਤੋਂ 11 ਲੱਖ ਰੁਪਏ ਲੁੱਟੇ, ਫਿਰ ਕਾਰ 'ਚ ਬੰਦ ਕਰ ਕੇ ਜਿਊਂਦੇ ਸਾੜਿਆ

ਹਿਸਾਰ- ਹਾਂਸੀ ਦੇ ਭਾਟਲਾ-ਮਹਜਤ ਰੋਡ 'ਤੇ ਮੰਗਲਵਾਰ ਦੇਰ ਰਾਤ ਕੁਝ ਬਦਮਾਸ਼ਾਂ ਨੇ ਇਕ ਫੈਕਟਰੀ ਮਾਲਕ ਤੋਂ 11 ਲੱਖ ਰੁਪਏ ਲੁੱਟ ਕੇ ਉਸ ਨੂੰ ਕਾਰ 'ਚ ਬਿਠਾ ਕੇ ਜਿਊਂਦੇ ਸਾੜ ਦਿੱਤਾ। ਅੱਗ ਲਗਾਉਣ ਤੋਂ ਪਹਿਲਾਂ ਬਦਮਾਸ਼ਾਂ ਨੇ ਕਾਰ ਦੀਆਂ ਖਿੜਕੀਆਂ ਨੂੰ ਲਾਕ ਕਰ ਦਿੱਤਾ ਅਤੇ ਵਪਾਰੀ ਦੀ ਕਾਰ ਦੇ ਅੰਦਰ ਹੀ ਸੜ ਕੇ ਮੌਤ ਹੋ ਗਈ। ਹਾਲਾਂਕਿ ਜਦੋਂ ਬਦਮਾਸ਼ ਲੁੱਟਖੋਹ ਤੋਂ ਬਾਅਦ ਕਾਰ ਨੂੰ ਅੱਗ ਲਗਾ ਰਹੇ ਸਨ ਤਾਂ ਵਪਾਰੀ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਫੋਨ ਕਰ ਕੇ ਬਚਾਉਣ ਦੀ ਗੁਹਾਰ ਲਗਾਈ ਪਰ ਜਦੋਂ ਤੱਕ ਪਰਿਵਾਰ ਦੇ ਮੈਂਬਰ ਮੌਕੇ 'ਤੇ ਪਹੁੰਚੇ, ਉਦੋਂ ਤੱਕ ਬਹੁਤ ਦੇਰ ਹੋ ਚੁਕੀ ਸੀ।

ਸਦਰ ਥਾਣਾ ਇੰਚਾਰਜ ਕਸ਼ਮੀਰੀ ਲਾਲ ਨੇ ਦੱਸਿਆ ਕਿ ਪੁਲਸ ਨੂੰ ਰਾਤ 12 ਵਜੇ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਨੂੰ ਬਰਵਾਲਾ ਰੋਡ 'ਤੇ ਮਹਜਤ ਪਿੰਡ ਕੋਲ ਕਾਰ ਦੇ ਅੰਦਰ ਹੀ ਸਾੜ ਦਿੱਤਾ ਗਿਆ ਹੈ। ਉਨ੍ਹਾਂ ਨੇ ਤੁਰੰਤ ਭਾਟਲਾ ਚੌਕੀ ਇੰਚਾਰਜ ਨੂੰ ਫੋਨ ਕੀਤਾ ਅਤੇ ਉਨ੍ਹਾਂ ਦੇ ਇਲਾਕੇ 'ਚ ਕਾਰ ਸਾੜਨ ਦੀ ਘਟਨਾ ਹੋਈ ਹੈ ਪਰ ਜਦੋਂ ਤੱਕ ਪੁਲਸ ਪਹੁੰਚੀ ਕਾਰ ਸੜ ਚੁਕੀ ਸੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਰਾਮਮੇਹਰ ਹਿਸਾਰ ਤੋਂ ਆਪਣੇ ਪਿੰਡ ਡਾਟਾ ਆ ਰਿਹਾ ਸੀ। ਉਸ ਦੀ ਬਰਵਾਲਾ 'ਚ ਡਿਸਪੋਜਲ ਕੱਪ-ਪਲੇਟਾਂ ਦੀ ਫੈਕਟਰੀ ਹੈ। ਉਸ ਨੇ ਮੰਗਲਵਾਰ ਨੂੰ ਬੈਂਕ ਤੋਂ 11 ਲੱਖ ਰੁਪਏ ਕੱਢਵਾਏ ਸਨ। ਰਾਤ ਕਰੀਬ 12 ਵਜੇ ਮਹਜਤ ਪਿੰਡ ਨੇੜੇ ਇਕ ਕਾਰ ਅਤੇ 2 ਬਾਈਕ ਸਵਾਰਾਂ ਨੇ ਕਾਰ ਨੂੰ ਘੇਰ ਕੇ ਜ਼ਬਰਨ ਰੋਕ ਲਿਆ ਅਤੇ ਨਕਦੀ ਲੁੱਟਣ ਤੋਂ ਬਾਅਦ ਕਾਰ ਨੂੰ ਅੱਗ ਲਗਾ ਦਿੱਤੀ। ਐੱਸ.ਐੱਚ.ਓ. ਕਸ਼ਮੀਰੀ ਲਾਲ ਨੇ ਦੱਸਿਆ ਕਿ ਰਾਮਮੇਹਰ ਦੇ ਚਾਚੇ ਦੇ ਮੁੰਡੇ ਅਮਿਤ ਦੀ ਸ਼ਿਕਾਇਤ 'ਤੇ ਅਣਪਛਾਤੇ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।


author

DIsha

Content Editor

Related News