ਬਦਲੇ ਗਏ ਹਵਾਈ ਯਾਤਰਾ ਦੇ ਨਿਯਮ, ਜਹਾਜ਼ ''ਚ ਲੈ ਕੇ ਜਾ ਸਕੋਗੇ ਇਹ ਚੀਜ਼

05/14/2020 3:00:46 PM

ਨਵੀਂ ਦਿੱਲੀ— ਨਿਯਮਿਤ ਯਾਤਰੀ ਜਹਾਜ਼ ਸੇਵਾਵਾਂ 'ਤੇ ਪਾਬੰਦੀ ਖਤਮ ਹੋਣ ਤੋਂ ਬਾਅਦ ਜਦੋਂ ਉਡਾਣਾਂ ਮੁੜ ਸ਼ੁਰੂ ਹੋਣਗੀਆਂ ਤਾਂ ਯਾਤਰੀਆਂ ਨੂੰ ਕੈਬਿਨ 'ਚ ਹੈਂਡ ਸੈਨੇਟਾਈਜ਼ਰ ਲੈ ਕੇ ਜਾਣ ਦੀ ਆਗਿਆ ਹੋਵੇਗੀ। ਸਿਵਲ ਏਵੀਏਸ਼ਨ ਸੇਫਟੀ ਬਿਊਰੋ (ਬੀ. ਸੀ. ਏ. ਐੱਸ.) ਦੇ ਸਰਕੂਲਰ 'ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ 'ਕੋਵਿਡ-19' ਦਾ ਇਨਫੈਕਸ਼ਨ ਰੋਕਣ ਲਈ ਲੋਕਾਂ ਨੂੰ ਵਾਰ-ਵਾਰ ਹੱਥਾਂ ਨੂੰ ਸੈਨੇਟਾਈਜ਼ਰ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਨੂੰ ਮੁੱਖ ਰੱਖਦਿਆਂ ਯਾਤਰੀਆਂ ਨੂੰ ਹੈਂਡ ਬੈਗ 'ਚ ਆਪਣੇ ਨਾਲ 350 ਮਿਲੀਲੀਟਰ ਤਕ ਹੈਂਡ ਸੈਨੇਟਾਈਜ਼ਰ ਲੈ ਕੇ ਜਾਣ ਦੀ ਆਗਿਆ ਦਿੱਤੀ ਜਾਵੇਗੀ।

PunjabKesari

ਯਾਤਰੀਆਂ ਨੂੰ ਸੁਰੱਖਿਆ ਜਾਂਚ ਦੇ ਸਮੇਂ ਇਸ ਦੀ ਜਾਣਕਾਰੀ ਸੁਰੱਖਿਆ ਕਰਮਚਾਰੀਆਂ ਨੂੰ ਦੇਣੀ ਹੋਵੇਗੀ। ਜਹਾਜ਼ 'ਚ ਇਸ ਸਮੇਂ ਕੋਈ ਵੀ ਤਰਲ, ਜੈਲ, ਪੇਸਟ ਆਦਿ 100 ਮਿਲੀਲੀਟਰ ਤੋਂ ਵਧੇਰੇ ਲੈ ਕੇ ਜਾਣ ਦੀ ਆਗਿਆ ਨਹੀਂ ਹੈ ਅਤੇ ਸੈਨੇਟਾਈਜ਼ਰ ਨੂੰ ਛੱਡ ਕੇ ਹੋਰ ਚੀਜ਼ਾਂ ਨੂੰ ਲੈ ਕੇ ਇਹ ਨਿਯਮ ਬਣਿਆ ਰਹੇਗਾ। ਬੀ. ਸੀ. ਏ. ਐੱਸ. ਨੇ ਕਿਹਾ ਕਿ ਇਹ ਆਦੇਸ਼ ਕੋਵਿਡ-19 ਮਹਾਮਾਰੀ ਦੀ ਸਥਿਤੀ 'ਚ ਛੂਹਣ/ਸੰਪਰਕ ਜ਼ਰੀਏ ਫੈਲਣ ਤੋਂ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਤਹਿਤ ਜਾਰੀ ਕੀਤੀ ਗਈ ਹੈ। ਦੱਸ ਦੇਈਏ ਕਿ ਕੋਰੋਨਾ ਸੰਕਟ ਤੋਂ ਬਾਅਦ ਪੂਰਨ ਲਾਕਡਾਊਨ ਦਰਮਿਆਨ ਹੁਣ ਚੀਜ਼ਾਂ ਹੌਲੀ-ਹੌਲੀ ਖੁੱਲ੍ਹਣ ਲੱਗੀਆਂ ਹਨ। ਸਰਕਾਰ ਨੇ ਸੀਮਤ ਤਰੀਕੇ ਨਾਲ ਟਰੇਨ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਸਾਰੀਆਂ ਦੀਆਂ ਨਜ਼ਰ ਹਵਾਈ ਸੇਵਾ 'ਤੇ ਹੈ। ਮੰਨਿਆ ਜਾ ਰਿਹਾ ਹੈ ਕਿ 17 ਮਈ ਨੂੰ ਲਾਕਡਾਊਨ ਖਤਮ ਹੋਣ ਤੋਂ ਬਾਅਦ ਸਰਕਾਰ ਹੌਲੀ-ਹੌਲੀ ਏਅਰ ਟਰੈਵਲ ਨੂੰ ਵੀ ਮਨਜ਼ੂਰੀ ਦੇਵੇਗੀ।

PunjabKesari

ਬੋਰਡਿੰਗ ਪਾਸ 'ਤੇ ਨਹੀਂ ਲੱਗੇਗੀ ਮੋਹਰ—
ਕੋਰੋਨਾ ਵਾਇਰਸ ਕਾਰਨ ਹਵਾਈ ਅੱਡਿਆਂ 'ਤੇ ਬੋਰਡਿੰਗ ਪਾਸ 'ਤੇ ਮੋਹਰ ਲਾਉਣ ਦੀ ਵਿਵਸਥਾ ਫਿਲਹਾਲ ਖਤਮ ਕਰ ਦਿੱਤੀ ਗਈ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਦੇ ਸਰਕੂਲਰ 'ਚ ਕਿਹਾ ਗਿਆ ਹੈ ਕਿ ਕੋਵਿਡ-19 ਦਾ ਇਨਫੈਕਸ਼ਨ ਰੋਕਣ ਲਈ ਬੋਰਡਿੰਗ ਪਾਸ 'ਤੇ ਹੁਣ ਮੋਹਰ ਨਹੀਂ ਲਾਈ ਜਾਵੇਗੀ। ਹਾਲਾਂਕਿ ਹਵਾਈ ਅੱਡਿਆਂ ਨੂੰ ਪਹਿਲਾਂ ਦੀ ਤਰ੍ਹਾਂ ਹਵਾਈ ਅੱਡਾ ਟਰਮੀਨਲ ਦੇ ਸਕਿਓਰਿਟੀ ਹੋਲਡਰ ਏਰੀਆ ਵਿਚ ਐਂਟਰੀ ਕਰਨ ਵਾਲੇ ਹਰ ਯਾਤਰੀ ਦਾ ਸੀ. ਸੀ. ਟੀ. ਵੀ. ਰਿਕਾਰਡ 30 ਦਿਨਾਂ ਤੱਕ ਰੱਖਣਾ ਹੋਵੇਗਾ। ਦੱਸ ਦੇਈਏ ਕਿ ਯਾਤਰੀਆਂ ਦੀ ਸੁਰੱਖਿਆ ਜਾਂਚ ਤੋਂ ਬਾਅਦ ਸੁਰੱਖਿਆ ਕਰਮਚਾਰੀ ਸੁਰੱਖਿਆ ਬੋਰਡਿੰਗ ਪਾਸ 'ਤੇ ਮੋਹਰ ਲਾਉਂਦੇ ਸਨ, ਜਿਸ ਤੋਂ ਪਤਾ ਲੱਗਦਾ ਸੀ ਕਿ ਯਾਤਰੀ ਅਤੇ ਉਸ ਦੇ ਹੈਂਡ ਬੈਗੇਜ਼ ਦੀ ਜਾਂਚ ਹੋ ਚੁੱਕੀ ਹੈ।


Tanu

Content Editor

Related News